ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਮੋਨੋਪੋਲੀ ਦੇ ਲੱਗ ਰਹੇ ਦੋਸ਼ਾਂ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਆਪਣਾ ਰੁਖ਼ ਨਰਮ ਕਰ ਲਿਆ ਹੈ। ਪਹਿਲਾਂ ਬਿਨਾਂ ਆਗਿਆ ਗੁਰਬਾਣੀ ਦੀ ਰੀ-ਸਟ੍ਰੀਮਿੰਗ ਜਾਂ ਰੀਲ੍ਹ ਬਣਾਉਣ ‘ਤੇ ਪਾਬੰਦੀ ਲਗਾਉਣ ਵਾਲੀ ਕਮੇਟੀ ਹੁਣ ਇੱਕ ਉਦਾਰ ਪਹੁੰਚ ਅਪਣਾਉਂਦੀ ਨਜ਼ਰ ਆ ਰਹੀ ਹੈ, ਜਿਸ ਦੇ ਨਤੀਜੇ ਵਜੋਂ ਹੁਣ ਦੁਨੀਆ ਭਰ ਦੇ ਕਰੀਬ 1000 ਡਿਜੀਟਲ ਪਲੇਟਫਾਰਮਾਂ ਰਾਹੀਂ ਪਵਿੱਤਰ ਗੁਰਬਾਣੀ ਘਰ-ਘਰ ਪਹੁੰਚਾਈ ਜਾ ਰਹੀ ਹੈ।

ਇਸੇ ਲੜੀ ਤਹਿਤ ਡਾ. ਰਬਿੰਦਰ ਨਾਰਾਇਣ ਦੀ ਅਗਵਾਈ ਵਾਲੇ ‘ਜੀਟੀਸੀ ਨੈੱਟਵਰਕ’ ਦੇ ‘ਜੀਟੀਸੀ ਪੰਜਾਬੀ’ ਚੈਨਲ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਤੋਂ ਰੋਜ਼ਾਨਾ ਦੋ ਵਾਰ ਗੁਰਬਾਣੀ ਦਾ ਲਾਈਵ ਪ੍ਰਸਾਰਣ ਸ਼ੁਰੂ ਕਰ ਦਿੱਤਾ ਹੈ। ਇਹ ਪ੍ਰਸਾਰਣ ਸਵੇਰੇ 3:15 ਤੋਂ 7:30 ਵਜੇ ਤੱਕ ਅਤੇ ਸ਼ਾਮ ਨੂੰ 4:00 ਤੋਂ 6:00 ਵਜੇ ਤੱਕ ਚਲਾਇਆ ਜਾ ਰਿਹਾ ਹੈ। ਜੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਡਾ. ਰਬਿੰਦਰ ਨਾਰਾਇਣ ਨੇ ਦੱਸਿਆ ਕਿ ਉਹ ਐਸਜੀਪੀਸੀ ਦੇ ਯੂਟਿਊਬ ਚੈਨਲ ਤੋਂ ਸਿਗਨਲ ਲੈ ਕੇ ਇਸ ਨੂੰ ਸੈਟੇਲਾਈਟ ਅਤੇ ਹੋਰ ਡਿਜੀਟਲ ਮਾਧਿਅਮਾਂ ਰਾਹੀਂ ਪ੍ਰਸਾਰਿਤ ਕਰ ਰਹੇ ਹਨ ਅਤੇ ਇਸ ਬਾਰੇ ਕਮੇਟੀ ਨੂੰ ਲਿਖਤੀ ਜਾਣਕਾਰੀ ਵੀ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਸਾਰਿਆਂ ਲਈ ਲਿੰਕ ਖੁੱਲ੍ਹਾ ਰੱਖਣ ਦੇ ਇਸ ਫ਼ੈਸਲੇ ਨੂੰ SGPC ਦਾ ਇੱਕ ਬਹੁਤ ਹੀ ਸਕਾਰਾਤਮਕ ਕਦਮ ਕਰਾਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਗੁਰਬਾਣੀ ਦੇ ਪ੍ਰਸਾਰਣ ਦਾ ਮੁੱਦਾ ਲੰਮੇ ਸਮੇਂ ਤੋਂ ਸਿਆਸੀ ਅਤੇ ਪੰਥਕ ਗਲਿਆਰਿਆਂ ਵਿੱਚ ਚਰਚਾ ਦਾ ਵੀਚਾਰ ਰਿਹਾ ਹੈ, ਖਾਸ ਕਰਕੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਸਿੱਖ ਗੁਰਦੁਆਰਾ (ਸੋਧ) ਬਿਲ 2023 ਤੋਂ ਬਾਅਦ ਇਹ ਵਿਵਾਦ ਹੋਰ ਵਧ ਗਿਆ ਸੀ। ਫਿਲਹਾਲ SGPC ਆਪਣੇ ਯੂਟਿਊਬ ਚੈਨਲ “SGPC Sri Amritsar”, ਫੇਸਬੁੱਕ ਅਤੇ ਮੋਬਾਈਲ ਐਪ ਰਾਹੀਂ ਦਿਨ ਵਿੱਚ ਤਿੰਨ ਵਾਰ ਪ੍ਰਸਾਰਣ ਕਰਦੀ ਹੈ, ਪਰ ਆਪਣਾ ਸੈਟੇਲਾਈਟ ਚੈਨਲ ਨਾ ਹੋਣ ਕਰਕੇ ਇਹ ਪੀਟੀਸੀ ਨੈੱਟਵਰਕ ‘ਤੇ ਨਿਰਭਰ ਰਹੀ ਹੈ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਜੀਟੀਸੀ ਦੇ ਇਸ ਉਪਰਾਲੇ ਦਾ ਸਮਰਥਨ ਕੀਤਾ ਹੈ।





