





ਬਰਨਾਲਾ, 15 ਅਗਸਤ: ਐਸ. ਡੀ. ਕਾਲਜ ਦੇ ਬੀ.ਵੋਕ. (ਐਮ.ਐਲ.ਐਮ.ਡੀ.ਟੀ.) ਵਿਭਾਗ ਵੱਲੋਂ ਕਾਲਜ ਦੇ IQAC ਸੈੱਲ ਦੇ ਸਹਿਯੋਗ ਨਾਲ 3 ਤੋਂ 7 ਅਗਸਤ 2026 ਤੱਕ 5-ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਵਿਸ਼ਾ “ਨਿਊਟ੍ਰੀਸ਼ਨ, ਵੈੱਲਨੈੱਸ ਐਂਡ ਹੈਲਥ ਪ੍ਰਮੋਸ਼ਨ” ਸੀ, ਜਿਸ ਦਾ ਉਦੇਸ਼ ਅਧਿਆਪਕਾਂ ਨੂੰ ਸਿਹਤ, ਪੋਸ਼ਣ ਅਤੇ ਸਮੁੱਚੇ ਆਰੋਗੀ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਚੇਤੰਨ ਕਰਨਾ ਸੀ।
ਉਦਘਾਟਨੀ ਸੈਸ਼ਨ ਦੌਰਾਨ ਪ੍ਰੋ. ਪੂਨਮ ਗਰਗ ਨੇ ਸਾਰੇ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਦੀ ਰੂਪ-ਰੇਖਾ ਸਾਂਝੀ ਕੀਤੀ। ਇਸ ਤੋਂ ਬਾਅਦ ਪਹਿਲੇ ਦਿਨ ਡਾ. ਵੰਦਨਾ ਕੁਕਰੇਜਾ ਨੇ ਪੋਸ਼ਣ ਅਤੇ ਜੀਵਨ-ਸ਼ੈਲੀ ਨਾਲ ਜੁੜੀਆਂ ਬੀਮਾਰੀਆਂ ‘ਤੇ ਵਿਚਾਰ ਸਾਂਝੇ ਕਰਦਿਆਂ ਖਾਣ-ਪੀਣ ਦੀਆਂ ਆਦਤਾਂ ਅਤੇ ਮਾੜੀ ਜੀਵਨ-ਸ਼ੈਲੀ ਕਾਰਨ ਵਧ ਰਹੀਆਂ ਬੀਮਾਰੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਸੰਤੁਲਿਤ ਖੁਰਾਕ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਦੂਜੇ ਦਿਨ ਪ੍ਰੋ. ਮਨਪ੍ਰੀਤ ਕੌਰ ਨੇ ਡਿਜੀਟਲ ਆਰੋਗਤਾ ਅਤੇ ਕੰਮਕਾਜੀ ਥਾਂ ‘ਤੇ ਸੰਤੁਲਨ” ਵਿਸ਼ੇ ‘ਤੇ ਬੋਲਦਿਆਂ ਜ਼ਿਆਦਾ ਸਕ੍ਰੀਨ ਟਾਈਮ ਦੇ ਮਾਨਸਿਕ ਤੇ ਸਰੀਰਕ ਪ੍ਰਭਾਵਾਂ ਬਾਰੇ ਚਰਚਾ ਕੀਤੀ ਅਤੇ ਪੇਸ਼ੇਵਰ ਤੇ ਨਿੱਜੀ ਜ਼ਿੰਦਗੀ ਵਿੱਚ ਸੰਤੁਲਨ ਬਣਾਉਣ ਦੇ ਨੁਸਖ਼ੇ ਦੱਸੇ।
ਤੀਜੇ ਦਿਨ ਡਾ. ਮਨੀਸ਼ ਕੁਮਾਰ ਨੇ ਜੜ੍ਹੀ-ਬੂਟੀਆਂ ਅਤੇ ਈਥਨੋ-ਮੈਡੀਕਲ ਉਪਯੋਗ ਬਾਰੇ ਜਾਣਕਾਰੀ ਦਿੰਦਿਆਂ ਜੜ੍ਹੀ-ਬੂਟੀਆਂ ਦੀ ਪਰੰਪਰਾਗਤ ਮਹੱਤਤਾ ਅਤੇ ਬੀਮਾਰੀਆਂ ਦੇ ਇਲਾਜ ਵਿੱਚ ਇਹਨਾਂ ਦੀ ਵਿਗਿਆਨਕ ਵਰਤੋਂ ‘ਤੇ ਚਾਨਣਾ ਪਾਇਆ।
ਚੌਥੇ ਦਿਨ ਡਾ. ਕੁਲਭੂਸ਼ਨ ਰਾਣਾ ਨੇ “ਅਨਲੌਕਿੰਗ ਹੈਲਥ ਥਰੂ ਫਾਸਟਿੰਗ” ਵਿਸ਼ੇ ਹੇਠ ਵਰਤ ਦੀ ਸਿਹਤ ਸੰਬੰਧੀ ਮਹੱਤਤਾ ਅਤੇ ਇਸ ਦੇ ਵਿਗਿਆਨਕ ਪਹਿਲੂਆਂ ਬਾਰੇ ਦੱਸਿਆ।
ਸਮਾਪਤੀ ਦਿਨ ‘ਤੇ ਪ੍ਰੋ. ਰੇਣੂ ਬਾਲਾ ਧਰਨੀ ਨੇ “ਕੁਦਰਤ, ਯੋਗ ਅਤੇ ਧਿਆਨ ਰਾਹੀਂ ਆਰੋਗ” ਵਿਸ਼ੇ ‘ਤੇ ਸੈਸ਼ਨ ਲਿਆ, ਜਿਸ ਵਿੱਚ ਅਧਿਆਪਕਾਂ ਨੂੰ ਮਾਨਸਿਕ ਤਣਾਅ ਘਟਾਉਣ ਲਈ ਯੋਗ ਅਤੇ ਧਿਆਨ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਅੰਤਿਮ ਦਿਨ ‘ਤੇ ਭਾਗ ਲੈਣ ਵਾਲੇ ਅਧਿਆਪਕਾਂ ਦੇ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ, ਕੱਦ ਅਤੇ ਭਾਰ ਦੀ ਜਾਂਚ ਕੀਤੀ ਗਈ ਅਤੇ ਉਹਨਾਂ ਦੇ ਬੀ.ਐਮ.ਆਈ. ਦੀ ਗਣਨਾ ਕਰਕੇ ਸਿਹਤਮੰਦ ਸਰੀਰ ਦੇ ਮਾਪਦੰਡਾਂ ਬਾਰੇ ਦੱਸਿਆ ਗਿਆ।
ਸਮਾਗਮ ਦੇ ਅੰਤ ‘ਤੇ ਪ੍ਰੋ. ਰਣਦੀਪ ਸ਼ਰਮਾ ਨੇ 5 ਰੋਜ਼ਾ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰੇ ਫੈਕਲਟੀ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਾਲਜ ਪ੍ਰਿੰਸੀਪਲ ਡਾ. ਰਮਾ ਸ਼ਰਮਾ, ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਬੀ.ਵੋਕ. (ਐਮ.ਐਲ.ਐਮ.ਡੀ.ਟੀ.) ਵਿਭਾਗ ਦੇ ਟੈਕਨੀਸ਼ੀਅਨ ਸ਼੍ਰੀਮਤੀ ਰਮਨਦੀਪ ਦਾ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ।









