
ਕੈਨੇਡਾ , 14 ਸਤੰਬਰ : ਪਰਵਾਸ ਨੀਤੀਆਂ ਵਿੱਚ ਹੋਏ ਲਗਾਤਾਰ ਬਦਲਾਅ ਕਾਰਨ ਇੱਥੇ ਰਹਿ ਰਹੇ ਭਾਰਤੀ ਅਤੇ ਖ਼ਾਸ ਕਰਕੇ ਪੰਜਾਬੀ ਨੌਜਵਾਨਾਂ ਤੇ ਜੋੜਿਆਂ ਲਈ ਸਥਾਈ ਨਿਵਾਸ (ਪੀਆਰ) ਹਾਸਲ ਕਰਨਾ ਬਹੁਤ ਔਖਾ ਹੋ ਗਿਆ ਹੈ। ਵੱਡੇ ਸੁਪਨੇ ਲੈ ਕੇ ਵਿਦੇਸ਼ ਗਏ ਕਈ ਜੋੜੇ ਹੁਣ ਕੈਨੇਡਾ ਵਿੱਚ ਸਿਰਫ਼ ਕਾਨੂੰਨੀ ਤੌਰ ‘ਤੇ ਟਿਕੇ ਰਹਿਣ ਲਈ ਦਿਨ-ਰਾਤ ਜਦੋਜਹਿਦ ਕਰ ਰਹੇ ਹਨ, ਜਦਕਿ ਕਈਆਂ ਨੂੰ ਨਿਰਾਸ਼ ਹੋ ਕੇ ਵਾਪਸ ਭਾਰਤ ਪਰਤਣਾ ਪੈ ਰਿਹਾ ਹੈ।
ਸਾਲ 2021 ਵਿੱਚ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਜਸਪ੍ਰੀਤ ਕੌਰ ਅਤੇ ਉਨ੍ਹਾਂ ਦੇ ਪਤੀ ਸਰਬਜੀਤ ਸਿੰਘ ਪਿਛਲੇ ਪੰਜ ਸਾਲਾਂ ਤੋਂ ਐਲਬਰਟਾ ਵਿੱਚ ਪੀਆਰ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਫਰੈਂਚ ਭਾਸ਼ਾ ਸਿੱਖਣ ਅਤੇ ਐੱਲਐੱਮਆਈਏ ਰਾਹੀਂ ਅਪਲਾਈ ਕਰਨ ਦੇ ਬਾਵਜੂਦ ਨਿਯਮਾਂ ਵਿੱਚ ਆਏ ਬਦਲਾਅ ਕਾਰਨ ਪੀਆਰ ਮਿਲਣਾ ਬੇਹੱਦ ਅਨਿਸ਼ਚਿਤ ਹੋ ਗਿਆ ਹੈ। ਸਥਾਈ ਨਿਵਾਸ ਨਾ ਮਿਲਣ ਕਾਰਨ ਉਨ੍ਹਾਂ ‘ਤੇ ਮਾਨਸਿਕ ਤਣਾਅ ਅਤੇ ਸਮਾਜਿਕ ਦਬਾਅ ਲਗਾਤਾਰ ਵਧ ਰਿਹਾ ਹੈ, ਜਿਸ ਕਰਕੇ ਉਹ ਲੰਮੇ ਸਮੇਂ ਤੋਂ ਆਪਣੇ ਪੰਜਾਬ ਸਥਿਤ ਘਰ ਵੀ ਨਹੀਂ ਪਰਤ ਸਕੇ।
ਇਸੇ ਤਰ੍ਹਾਂ 2019 ਵਿੱਚ ਆਈਟੀ ਖੇਤਰ ਵਿੱਚ ਸੁਨਹਿਰੀ ਭਵਿੱਖ ਦੀ ਆਸ ਲੈ ਕੇ ਕੈਨੇਡਾ ਪੁੱਜੇ ਫਤਿਹਗੜ੍ਹ ਸਾਹਿਬ ਦੇ ਗੁਰਮਨਪ੍ਰੀਤ ਸਿੰਘ ਨੂੰ ਵੀ ਮਜਬੂਰੀ ਵਿੱਚ ਆਈਟੀ ਛੱਡ ਕੇ ਟਰੱਕ ਡਰਾਈਵਿੰਗ ਕਰਨੀ ਪਈ। ਆਪਣੀ ਕਾਨੂੰਨੀ ਸਥਿਤੀ ਬਣਾਏ ਰੱਖਣ ਲਈ ਉਹ ਹਜ਼ਾਰਾਂ ਡਾਲਰ ਖਰਚ ਕੇ ਤਿੰਨ ਵਾਰ ਐੱਲਐੱਮਆਈਏ ਲੈ ਚੁੱਕੇ ਹਨ। ਉਨ੍ਹਾਂ ਅਨੁਸਾਰ, ਸਰਕਾਰ ਵੱਲੋਂ ਡਰਾਅ ਸਿਸਟਮ ਦੇ ਮਾਪਦੰਡ ਸਖ਼ਤ ਕੀਤੇ ਜਾਣ ਕਾਰਨ ਲੱਖਾਂ ਦਾਅਵੇਦਾਰਾਂ ਵਿੱਚੋਂ ਸਿਰਫ਼ ਕੁਝ ਹੀ ਚੁਣੇ ਜਾਂਦੇ ਹਨ, ਜਿਸ ਨਾਲ ਨੌਜਵਾਨਾਂ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਸਮਾਂ ਅਨਿਸ਼ਚਿਤਤਾ ਵਿੱਚ ਲੰਘ ਰਿਹਾ ਹੈ।
ਇਮੀਗ੍ਰੇਸ਼ਨ ਮਾਹਰ ਨਵਜੋਤ ਸਿੰਘ ਅਨੁਸਾਰ, ਕੈਨੇਡਾ ਸਰਕਾਰ ਨੇ ਪੀਆਰ ਲਈ ਲੋੜੀਂਦੇ ਪੁਆਇੰਟਾਂ ਦਾ ਪੱਧਰ ਕਾਫ਼ੀ ਉੱਚਾ ਕਰ ਦਿੱਤਾ ਹੈ, ਜਿਸ ਕਰਕੇ ਸ਼ਰਤਾਂ ਪੂਰੀਆਂ ਕਰਨਾ ਆਮ ਪਰਵਾਸੀਆਂ ਦੇ ਵੱਸ ਤੋਂ ਬਾਹਰ ਹੋ ਗਿਆ ਹੈ। ਇਸ ਤੋਂ ਇਲਾਵਾ ਨਵੇਂ ਵਿਦਿਆਰਥੀਆਂ ਨੂੰ ਵਰਕ ਪਰਮਿਟ ਨਾ ਮਿਲਣ ਕਾਰਨ ਲੋੜੀਂਦਾ ਤਜਰਬਾ ਹਾਸਲ ਕਰਨਾ ਔਖਾ ਹੋ ਗਿਆ ਹੈ। ਇਨ੍ਹਾਂ ਸਖ਼ਤ ਨੀਤੀਆਂ ਦਾ ਅਸਰ ਸਪੱਸ਼ਟ ਦਿਸ ਰਿਹਾ ਹੈ; ਸਾਲ 2023 ਵਿੱਚ ਕੈਨੇਡਾ ਦੇ ਕੁੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਭਾਰਤੀਆਂ ਦਾ ਹਿੱਸਾ 50 ਫ਼ੀਸਦੀ ਤੋਂ ਵੱਧ ਸੀ, ਜੋ ਘੱਟ ਕੇ ਮਹਿਜ਼ 8 ਤੋਂ 10 ਫ਼ੀਸਦੀ ਰਹਿ ਗਿਆ ਹੈ।





