
ਚੰਡੀਗੜ੍ਹ, 1 ਅਕਤੂਬਰ: ਦੁਬਈ ਤੋਂ ਤਲ ਅਵੀਵ (ਇਜ਼ਰਾਈਲ) ਜਾ ਰਹੀ ‘ਫਲਾਈਦੁਬਈ’ ਦੀ ਉਡਾਣ FZ1073 ਵਿੱਚ ਵਾਪਰੇ ਇੱਕ ਭਿਆਨਕ ਹਾਦਸੇ ਦੌਰਾਨ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਨੇ ਆਪਣੀ ਬੇਮਿਸਾਲ ਜਾਮਬਾਜ਼ੀ ਨਾਲ 174 ਯਾਤਰੀਆਂ ਦੀ ਜਾਨ ਬਚਾ ਕੇ ਇਤਿਹਾਸ ਰਚ ਦਿੱਤਾ ਹੈ। ਹਵਾ ਵਿੱਚ ਹੀ ਸਹਿ-ਪਾਇਲਟ ਵੱਲੋਂ ਜਹਾਜ਼ ਨੂੰ ਕ੍ਰੈਸ਼ ਕਰਨ ਦੀ ਸਾਜ਼ਿਸ਼ ਤਹਿਤ ਕੈਪਟਨ ‘ਤੇ ਚਾਕੂ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਸੀ, ਪਰ ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਕੈਪਟਨ ਸਮਿਤ ਨੇ ਹਿੰਮਤ ਨਹੀਂ ਹਾਰੀ।
ਜਾਣਕਾਰੀ ਅਨੁਸਾਰ, ਹਮਲੇ ਤੋਂ ਬਾਅਦ ਜਹਾਜ਼ 34,000 ਫੁੱਟ ਦੀ ਉਚਾਈ ਤੋਂ ਤੇਜ਼ੀ ਨਾਲ 17,000 ਫੁੱਟ ਤੱਕ ਹੇਠਾਂ ਆ ਡਿੱਗਿਆ। ਖ਼ੂਨ ਨਾਲ ਲਥਪਥ ਹੋਣ ਦੇ ਬਾਵਜੂਦ ਕੈਪਟਨ ਸਮਿਤ ਨੇ ਸੰਘਰਸ਼ ਕਰਦਿਆਂ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਵਾਲਾ ਰਿਲੀਜ਼ ਬਟਨ ਦਬਾ ਦਿੱਤਾ। ਦਰਵਾਜ਼ਾ ਖੁੱਲ੍ਹਦੇ ਹੀ ਕੈਬਿਨ ਕਰੂ ਅਤੇ ਯਾਤਰੀਆਂ ਨੇ ਅੰਦਰ ਦਾਖਲ ਹੋ ਕੇ ਹਮਲਾਵਰ ਸਹਿ-ਪਾਇਲਟ ਨੂੰ ਕਾਬੂ ਕੀਤਾ। ਇਸ ਤੋਂ ਬਾਅਦ ਜਹਾਜ਼ ਨੂੰ ਸੰਤੁਲਿਤ ਕਰਦੇ ਹੋਏ ਸਾਊਦੀ ਅਰਬ ਦੇ ਤਬੂਕ ਸਥਿਤ ਪ੍ਰਿੰਸ ਸੁਲਤਾਨ ਬਿਨ ਅਬਦੁਲ ਅਜ਼ੀਜ਼ ਹਵਾਈ ਅੱਡੇ ‘ਤੇ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ, ਜਿਸ ਨਾਲ 27 ਬੱਚਿਆਂ ਸਮੇਤ ਸਾਰੇ ਯਾਤਰੀ ਬਾਲ-ਬਾਲ ਬਚ ਗਏ।
ਕੌਣ ਹਨ ਕੈਪਟਨ ਸਮਿਤ ਮੱਛਾਰ?
ਮੁੰਬਈ ਦੇ ਰਹਿਣ ਵਾਲੇ ਕੈਪਟਨ ਸਮਿਤ ਮੱਛਾਰ ਕੋਲ ਲਗਭਗ 15 ਸਾਲਾਂ ਦਾ ਉਡਾਣ ਤਜਰਬਾ ਹੈ ਅਤੇ ਉਹ 9,750 ਘੰਟਿਆਂ ਤੋਂ ਵੱਧ ਜਹਾਜ਼ ਉਡਾ ਚੁੱਕੇ ਹਨ। ਉਹ ਬੋਇੰਗ 737 ਜਹਾਜ਼ ਦੇ ਇੱਕ ਤਜਰਬੇਕਾਰ ਕੈਪਟਨ ਹਨ। ਸ਼ੁਰੂਆਤ ਵਿੱਚ ਟੈਕਸਟਾਈਲ ਇੰਜੀਨੀਅਰਿੰਗ ਅਤੇ ਮੁੰਬਈ ਦੇ ਵੇਲਿੰਗਕਰ ਇੰਸਟੀਚਿਊਟ ਤੋਂ ਮੈਨੇਜਮੈਂਟ ਦੀ ਪੜ੍ਹਾਈ ਕਰਨ ਵਾਲੇ ਸਮਿਤ ਨੇ 19 ਸਾਲ ਦੀ ਉਮਰ ਵਿੱਚ ਪਾਇਲਟ ਬਣਨ ਦਾ ਫੈਸਲਾ ਕੀਤਾ ਅਤੇ ਨਿਊਜ਼ੀਲੈਂਡ ਤੋਂ ਸਿਖਲਾਈ ਲਈ। ਉਨ੍ਹਾਂ ਨੇ 11 ਸਾਲ ਭਾਰਤੀ ਏਅਰਲਾਈਨ ‘ਸਪਾਈਸਜੈੱਟ’ ਵਿੱਚ ਲਾਈਨ ਟ੍ਰੇਨਿੰਗ ਕੈਪਟਨ ਵਜੋਂ ਸੇਵਾ ਨਿਭਾਈ ਅਤੇ ਸਾਲ 2022 ਵਿੱਚ ਫਲਾਈਦੁਬਈ ਨਾਲ ਜੁੜ ਗਏ।
ਦੁਨੀਆ ਭਰ ‘ਚ ਸ਼ਲਾਘਾ ਅਤੇ ਮੌਜੂਦਾ ਹਾਲਤ
ਕੈਪਟਨ ਸਮਿਤ ਦੀ ਇਸ ਬਹਾਦਰੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਵਿਸ਼ਵ ਨੇਤਾਵਾਂ ਨੇ ਭਰਪੂਰ ਸ਼ਲਾਘਾ ਕੀਤੀ ਹੈ। ਪੀਐੱਮ ਮੋਦੀ ਨੇ ਉਨ੍ਹਾਂ ਨੂੰ ਦੇਸ਼ ਦਾ ਹੀਰੋ ਕਰਾਰ ਦਿੰਦਿਆਂ ਕਿਹਾ ਕਿ ਪੂਰੇ ਭਾਰਤ ਨੂੰ ਉਨ੍ਹਾਂ ਦੀ ਬਹਾਦਰੀ ‘ਤੇ ਮਾਣ ਹੈ। ਘਟਨਾ ਤੋਂ ਬਾਅਦ ਤਬੂਕ ਦੇ ਹਸਪਤਾਲ ਵਿੱਚ ਕੈਪਟਨ ਸਮਿਤ ਦੀ ਸਫਲ ਸਰਜਰੀ ਹੋਈ ਹੈ ਅਤੇ ਉਹ ਹੁਣ ਖਤਰੇ ਤੋਂ ਬਾਹਰ ਹਨ। ਦੂਜੇ ਪਾਸੇ, ਸਾਊਦੀ ਅਧਿਕਾਰੀਆਂ ਨੇ ਦੋਸ਼ੀ ਸਹਿ-ਪਾਇਲਟ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।





