
ਨਵੀਂ ਦਿੱਲੀ, 4 ਸਤੰਬਰ: ਵਿਸ਼ਵ ਮੌਸਮ ਵਿਗਿਆਨ ਸੰਗਠਨ (WMO) ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਭੂ-ਮੱਧ ਰੇਖਾ ਪ੍ਰਸ਼ਾਂਤ ਮਹਾਸਾਗਰ ਵਿੱਚ ਪੈਦਾ ਹੋਏ ਅਲ ਨੀਨੋ ਦੇ ਹਾਲਾਤ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਸ਼ਕਤੀਸ਼ਾਲੀ ਹੋ ਸਕਦੇ ਹਨ ਅਤੇ ਇਹ ਪ੍ਰਭਾਵ ਫ਼ਰਵਰੀ 2027 ਤੱਕ ਬਰਕਰਾਰ ਰਹਿਣ ਦੀ ਪੂਰੀ ਸੰਭਾਵਨਾ ਹੈ। ਸੰਗਠਨ ਦੇ ਸਕੱਤਰ-ਜਨਰਲ ਸੇਲੇਸ ਸਾਉਲੋ ਅਨੁਸਾਰ ਅਲ ਨੀਨੋ ਕਾਰਨ ਦੁਨੀਆ ਭਰ ਵਿੱਚ ਮੀਂਹ ਅਤੇ ਤਾਪਮਾਨ ਦੇ ਪੈਟਰਨ ਵਿੱਚ ਵੱਡਾ ਉਲਟਫੇਰ ਆਵੇਗਾ, ਜਿਸ ਨਾਲ ਹੜ੍ਹ, ਭਿਆਨਕ ਸੋਕਾ ਅਤੇ ਅਤਿ ਦੀ ਗਰਮੀ ਵਰਗੀਆਂ ਕੁਦਰਤੀ ਆਫ਼ਤਾਂ ਦਾ ਖ਼ਤਰਾ ਵਧੇਗਾ। ਇਹ ਸਥਿਤੀ ਗਲੋਬਲ ਅਰਥਵਿਵਸਥਾ ਅਤੇ ਆਮ ਜਨ-ਜੀਵਨ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕਰ ਸਕਦੀ ਹੈ।
ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਅਲ ਨੀਨੋ ਦਾ ਅਸਰ ਅਗਲੇ ਸਾਲ ਦੀ ਸ਼ੁਰੂਆਤ ਤੱਕ ਜਾਰੀ ਰਹੇਗਾ, ਜਿਸ ਕਾਰਨ ਦੇਸ਼ ਵਿੱਚ ਮੌਨਸੂਨ ਕਾਫ਼ੀ ਪ੍ਰਭਾਵਿਤ ਹੋਇਆ ਹੈ। ਅਗਸਤ ਮਹੀਨੇ ਦੌਰਾਨ ਭਾਰਤ ਵਿੱਚ 16 ਫ਼ੀਸਦੀ ਘੱਟ ਮੀਂਹ ਪਿਆ ਅਤੇ ਅਲ ਨੀਨੋ ਦੇ ਪ੍ਰਭਾਵ ਨਾਲ ਇਹ ਸਾਲ 1901 ਤੋਂ ਬਾਅਦ ਦਾ ਸਭ ਤੋਂ ਗਰਮ ਅਗਸਤ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਸਤੰਬਰ ਮਹੀਨੇ ਵਿੱਚ ਵੀ ਮੀਂਹ ਲੰਬੇ ਸਮੇਂ ਦੀ ਔਸਤ (167.9 ਮਿਲੀਮੀਟਰ) ਦੇ 91 ਫ਼ੀਸਦੀ ਤੋਂ ਘੱਟ ਰਹਿਣ ਦਾ ਖ਼ਦਸ਼ਾ ਜਤਾਇਆ ਹੈ।
ਅਲ ਨੀਨੋ ਦਾ ਇਹ ਵਧਦਾ ਅਸਰ ਭਾਰਤ ਵਿੱਚ ਸਰਦੀਆਂ ਦੇ ਮੌਸਮ ‘ਤੇ ਵੀ ਮਾੜਾ ਅਸਰ ਪਾ ਰਿਹਾ ਹੈ। ਜਲਵਾਯੂ ਨਾਲ ਸਬੰਧਤ ਅਧਿਐਨਾਂ ਮੁਤਾਬਕ ਉੱਤਰੀ ਭਾਰਤ ਵਿੱਚ ਸਰਦੀਆਂ ਦਾ ਸਮਾਂ ਲਗਾਤਾਰ ਛੋਟਾ ਹੁੰਦਾ ਜਾ ਰਿਹਾ ਹੈ, ਜਿੱਥੇ ਫ਼ਰਵਰੀ ਮਹੀਨੇ ਵਿੱਚ ਤਾਪਮਾਨ ਸਭ ਤੋਂ ਤੇਜ਼ੀ ਨਾਲ (0.69 ਡਿਗਰੀ ਸੈਲਸੀਅਸ ਪ੍ਰਤੀ ਦਹਾਕਾ) ਵਧ ਰਿਹਾ ਹੈ। ਮਾਰਚ ਅਤੇ ਅਪਰੈਲ ਵਿੱਚ ਵੀ ਤਾਪਮਾਨ ਵਿੱਚ ਅਜਿਹਾ ਹੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਤਾਪਮਾਨ ਵਿੱਚ ਆ ਰਹੀ ਇਹ ਤਬਦੀਲੀ ਕਣਕ ਵਰਗੀਆਂ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਦਾਣੇ ਬਣਨ ਅਤੇ ਪੱਕਣ ਸਮੇਂ ਗਰਮੀ ਦਾ ਦਬਾਅ ਪੈਦਾ ਕਰ ਰਹੀ ਹੈ, ਜਿਸ ਨਾਲ ਪ੍ਰਮੁੱਖ ਖੇਤੀਬਾੜੀ ਖੇਤਰਾਂ ਵਿੱਚ ਉਤਪਾਦਨ ‘ਤੇ ਬੁਰਾ ਅਸਰ ਪੈਣ ਦੀ ਚਿੰਤਾ ਵਧ ਗਈ ਹੈ।





