
ਨਵੀਂ ਦਿੱਲੀ, 10 ਸਤੰਬਰ: ਭਾਰਤ ਸਰਕਾਰ ਪੈਟਰੋਲ ਵਿੱਚ 20 ਫ਼ੀਸਦੀ ਤੋਂ ਵੱਧ ਈਥਾਨੌਲ ਦੀ ਮਿਲਾਵਟ ਨੂੰ ਮਨਜ਼ੂਰੀ ਦੇਣ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ ਅਤੇ ਇਸ ਮਕਸਦ ਲਈ ਦੇਸ਼ ਵਿੱਚ ਫਲੈਕਸੀ-ਫਿਊਲ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ‘ਦਿ ਇੰਡੀਆ ਸ਼ੂਗਰ ਐਂਡ ਬਾਇਓ-ਐਨਰਜੀ ਕਾਨਫਰੰਸ 2026’ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਦੇ ਸਲਾਹਕਾਰ ਤਰੁਣ ਕਪੂਰ ਨੇ ਦੱਸਿਆ ਕਿ ਦੇਸ਼ ਵਿੱਚ ਚੱਲ ਰਿਹਾ ਈ-20 ਪ੍ਰੋਗਰਾਮ ਹੁਣ ਤੱਕ ਬਹੁਤ ਸਫ਼ਲ ਰਿਹਾ ਹੈ ਅਤੇ ਕਈ ਵਾਹਨ ਨਿਰਮਾਤਾ ਜਲਦ ਹੀ ਫਲੈਕਸੀ-ਫਿਊਲ ਵਾਹਨ ਬਾਜ਼ਾਰ ਵਿੱਚ ਉਤਾਰਨ ਦੀਆਂ ਤਿਆਰੀਆਂ ਕਰ ਰਹੇ ਹਨ।
ਤਰੁਣ ਕਪੂਰ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਕਾਰਨ ਅੰਤਰਰਾਸ਼ਟਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚ ਰਹੀਆਂ ਹਨ, ਜਿਸ ਨਾਲ ਸਪਲਾਈ ‘ਤੇ ਅਸਰ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ ਦੇਸ਼ ਅੰਦਰ ਉਪਲਬਧ ਈਂਧਨ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਇਸ ਲਈ 20 ਫ਼ੀਸਦੀ ਤੋਂ ਵੱਧ ਈਥਾਨੌਲ ਮਿਲਾਉਣ ਦੇ ਨਾਲ-ਨਾਲ ਪੈਟਰੋਲ ਪੰਪਾਂ ‘ਤੇ ਸ਼ੁੱਧ ਈਥਾਨੌਲ ਦੀ ਉਪਲਬਧਤਾ ਵਧਾਉਣ ਲਈ ਵੀ ਕਦਮ ਚੁੱਕੇ ਜਾਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਦੇਸ਼ ਵਿੱਚ ਈਥਾਨੌਲ ਦੀ ਉਤਪਾਦਨ ਸਮਰੱਥਾ ਹੁਣ ਮੌਜੂਦਾ ਖ਼ਪਤ ਨਾਲੋਂ ਜ਼ਿਆਦਾ ਹੋ ਚੁੱਕੀ ਹੈ, ਜਿਸ ਕਾਰਨ ਉਦਯੋਗ ਨੂੰ ਇਸ ਦੀ ਵਰਤੋਂ ਲਈ ਹੋਰ ਬਦਲ ਲੱਭਣ ਦੀ ਲੋੜ ਹੈ। ਉਨ੍ਹਾਂ ਡੀਜ਼ਲ ਵਿੱਚ ਬਾਇਓਫਿਊਲ ਆਧਾਰਿਤ ਐਡਿਟਿਵ ਅਤੇ ਈਸੋਬੂਟਾਨੋਲ ਦੀ ਵਰਤੋਂ ਦੀਆਂ ਸੰਭਾਵਨਾਵਾਂ ‘ਤੇ ਚਰਚਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਈਥਾਨੌਲ ਨਿਰਮਾਤਾਵਾਂ ਨੂੰ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ.) ਅਤੇ ਪੋਟਾਸ਼ ਵਰਗੇ ਹੋਰ ਲਾਹੇਵੰਦ ਉਪ-ਉਤਪਾਦਾਂ ਵੱਲ ਧਿਆਨ ਦੇਣ ਦੀ ਅਪੀਲ ਵੀ ਕੀਤੀ।





