ਬਠਿੰਡਾ ਤੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਦਾ ਸ਼ਾਨਦਾਰ ਆਗ਼ਾਜ਼, 10 ਲੱਖ ਖਿਡਾਰੀ ਦਿਖਾਉਣਗੇ ਜੌਹਰ

ਬਠਿੰਡਾ, 6 ਸਤੰਬਰ: ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਚੌਥੇ ਸੀਜ਼ਨ ਦਾ ਉਦਘਾਟਨ ਅੱਜ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਧੂਮਧਾਮ ਨਾਲ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਰੰਗ-ਬਰੰਗੇ ਗੁਬਾਰੇ ਛੱਡ ਕੇ ਖੇਡਾਂ ਦੀ ਸ਼ੁਰੂਆਤ ਕੀਤੀ ਅਤੇ ਪੰਜਾਬ ਦੀ ਖੇਡ ਪ੍ਰਤਿਭਾ ਨੂੰ ਵਿਸ਼ਵ ਪੱਧਰ ‘ਤੇ ਚਮਕਾਉਣ ਦਾ ਸੰਕਲਪ ਦੁਹਰਾਇਆ। ਇਸ ਰੰਗਾਰੰਗ ਸਮਾਗਮ ਦੌਰਾਨ ਪ੍ਰਸਿੱਧ ਗਾਇਕ ਗੁਰਦਾਸ ਮਾਨ ਅਤੇ ਕੁਲਵਿੰਦਰ ਬਿੱਲਾ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ, ਜਦਕਿ ਨਾਮਵਰ ਖਿਡਾਰੀਆਂ ਦੀ ਮੌਜੂਦਗੀ ਵਿੱਚ ਮਸ਼ਾਲ ਮਾਰਚ, ਝੰਡਾ ਮਾਰਚ ਅਤੇ ਸਹੁੰ ਚੁੱਕ ਸਮਾਗਮ ਵੀ ਸੰਪੰਨ ਹੋਇਆ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ 29 ਨਵੰਬਰ ਤੱਕ ਪਟਿਆਲਾ ਵਿਖੇ ਚੱਲਣ ਵਾਲੇ ਇਸ ਖੇਡ ਕੁੰਭ ਵਿੱਚ 14 ਤੋਂ 70 ਸਾਲ ਦੇ 9 ਉਮਰ ਵਰਗਾਂ ਵਿੱਚ ਲਗਭਗ 10 ਲੱਖ ਖਿਡਾਰੀ 39 ਖੇਡ ਵੰਨਗੀਆਂ ਵਿੱਚ ਹਿੱਸਾ ਲੈਣਗੇ। ਇਸ ਵਾਰ ਚਾਰ ਪੈਰਾ-ਖੇਡਾਂ ਅਤੇ ਪ੍ਰਦਰਸ਼ਨੀ ਖੇਡ ਵਜੋਂ ਟੈਨਿਸ ਬਾਲ ਕ੍ਰਿਕਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜੇਤੂਆਂ ਲਈ 12.50 ਕਰੋੜ ਰੁਪਏ ਦੀ ਇਨਾਮੀ ਰਕਮ ਰੱਖੀ ਗਈ ਹੈ, ਜਿਸ ਵਿੱਚ ਪਹਿਲੀ ਵਾਰ ਵੈਟਰਨ ਖਿਡਾਰੀਆਂ ਨੂੰ ਵੀ ਨਕਦ ਇਨਾਮ ਮਿਲਣਗੇ। ਨਾਲ ਹੀ, 40 ਸਾਲ ਤੱਕ ਦੇ ਤਗ਼ਮਾ ਜੇਤੂਆਂ ਨੂੰ ਸਰਕਾਰੀ ਨੌਕਰੀਆਂ ਵਿੱਚ ਖੇਡ ਕੋਟੇ ਦਾ ਲਾਭ ਦਿਵਾਉਣ ਵਾਲੇ ਗਰੇਡਿੰਗ ਸਰਟੀਫਿਕੇਟ ਦਿੱਤੇ ਜਾਣਗੇ।

ਖੇਡਾਂ ਦੇ ਬਜਟ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਖੇਡਾਂ ਲਈ 1,744 ਕਰੋੜ ਰੁਪਏ ਦਾ ਵਿਸ਼ੇਸ਼ ਬਜਟ ਰੱਖਿਆ ਗਿਆ ਹੈ। 2022 ਤੋਂ ਹੁਣ ਤੱਕ ਹਜ਼ਾਰਾਂ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਇਨਾਮ ਵੰਡੇ ਜਾ ਚੁੱਕੇ ਹਨ ਅਤੇ ਓਲੰਪਿਕ ਤੇ ਏਸ਼ਿਆਈ ਖੇਡਾਂ ਦੀ ਤਿਆਰੀ ਲਈ ਖਿਡਾਰੀਆਂ ਨੂੰ ਵਿਸ਼ੇਸ਼ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸੂਬੇ ਭਰ ਵਿੱਚ 3,148 ਪੇਂਡੂ ਖੇਡ ਮੈਦਾਨ ਅਤੇ 6,000 ਜਿਮ ਵੀ ਤਿਆਰ ਕੀਤੇ ਜਾ ਰਹੇ ਹਨ।

Leave a Comment

Your email address will not be published. Required fields are marked *