ਮਹਿੰਗਾਈ ’ਤੇ ਠੱਲ੍ਹ: ਹੁਣ 35 ਰੁਪਏ ਕਿੱਲੋ ਮਿਲੇਗਾ ਪਿਆਜ਼, ਕੇਂਦਰ ਸਰਕਾਰ ਦਾ ਵੱਡਾ ਫੈਸਲਾ

ਨਵੀਂ ਦਿੱਲੀ, 26 ਅਗਸਤ: ਦੇਸ਼ ਭਰ ਵਿੱਚ ਪਿਆਜ਼ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਤੋਂ ਆਮ ਲੋਕਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ। ਪ੍ਰਚੂਨ ਬਾਜ਼ਾਰ ਵਿੱਚ 55 ਤੋਂ 60 ਰੁਪਏ ਪ੍ਰਤੀ ਕਿੱਲੋ ਤੱਕ ਵਿਕ ਰਹੇ ਪਿਆਜ਼ ਦੀਆਂ ਕੀਮਤਾਂ ਨੂੰ ਨੱਥ ਪਾਉਣ ਲਈ, ਸਰਕਾਰ ਆਪਣੇ ਬਫਰ ਸਟਾਕ ਵਿੱਚੋਂ ਵੀਰਵਾਰ ਤੋਂ 35 ਰੁਪਏ ਪ੍ਰਤੀ ਕਿੱਲੋ ਦੇ ਸਸਤੇ ਭਾਅ ‘ਤੇ ਪਿਆਜ਼ ਦੀ ਵਿਕਰੀ ਸ਼ੁਰੂ ਕਰੇਗੀ। ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਦਿੱਲੀ ਵਿੱਚ ਇਸ ਰਿਆਇਤੀ ਵਿਕਰੀ ਦੀ ਰਸਮੀ ਸ਼ੁਰੂਆਤ ਕਰਨਗੇ, ਜਿਸ ਤੋਂ ਬਾਅਦ ਆਉਣ ਵਾਲੇ ਵੀਕੈਂਡ ਤੱਕ ਇਸ ਮੁਹਿੰਮ ਦਾ ਵਿਸਤਾਰ ਪੂਰੇ ਐਨ.ਸੀ.ਆਰ. (NCR) ਖੇਤਰ ਵਿੱਚ ਕਰ ਦਿੱਤਾ ਜਾਵੇਗਾ।
ਇਸ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਕਾਰ ਵੱਲੋਂ ਮਹਾਰਾਸ਼ਟਰ ਦੇ ਨਾਸਿਕ ਤੋਂ 400 ਟਨ ਪਿਆਜ਼ ਦੀ ਵਿਸ਼ੇਸ਼ ਖੇਪ ‘ਕਾਂਦਾ ਐਕਸਪ੍ਰੈੱਸ’ ਨਾਮ ਦੀ ਟ੍ਰੇਨ ਰਾਹੀਂ ਦਿੱਲੀ ਲਿਆਂਦੀ ਜਾ ਰਹੀ ਹੈ। ਸਾਲ 2026 ਲਈ ਸਰਕਾਰ ਨੇ 1.21 ਲੱਖ ਟਨ ਪਿਆਜ਼ ਦਾ ਬਫਰ ਸਟਾਕ ਤਿਆਰ ਕੀਤਾ ਹੈ, ਜਿਸ ਵਿੱਚੋਂ ਇਕੱਲੇ ਐਨ.ਸੀ.ਸੀ.ਐਫ. (NCCF) ਕੋਲ 62,000 ਟਨ ਦਾ ਭੰਡਾਰ ਮੌਜੂਦ ਹੈ। ਨਾਸਿਕ ਤੋਂ ਆਉਣ ਵਾਲੀ ਇਸੇ ਵੱਡੀ ਖੇਪ ਰਾਹੀਂ ਦਿੱਲੀ ਤੋਂ ਇਲਾਵਾ ਚੰਡੀਗੜ੍ਹ, ਲੁਧਿਆਣਾ ਅਤੇ ਵਾਰਾਣਸੀ ਸਮੇਤ ਦੇਸ਼ ਦੇ ਕਈ ਹੋਰ ਪ੍ਰਮੁੱਖ ਸ਼ਹਿਰਾਂ ਵਿੱਚ ਵੀ ਸਸਤੇ ਭਾਅ ਵਾਲਾ ਪਿਆਜ਼ ਸਪਲਾਈ ਕੀਤਾ ਜਾਵੇਗਾ।
ਆਮ ਲੋਕਾਂ ਤੱਕ ਇਸ ਰਿਆਇਤੀ ਪਿਆਜ਼ ਦੀ ਪਹੁੰਚ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਨਾਫੈਡ (NAFED), ਐਨ.ਸੀ.ਸੀ.ਐਫ. ਅਤੇ ਕੇਂਦਰੀ ਭੰਡਾਰ ਵਰਗੀਆਂ ਪ੍ਰਮੁੱਖ ਏਜੰਸੀਆਂ ਨੂੰ ਸੌਂਪੀ ਗਈ ਹੈ। ਖਪਤਕਾਰ ਇਸ ਸਸਤੇ ਪਿਆਜ਼ ਨੂੰ ਦਿੱਲੀ ਵਿੱਚ ਕੇਂਦਰੀ ਭੰਡਾਰ ਦੇ 100 ਸਟੋਰਾਂ ਅਤੇ 15 ਵਿਸ਼ੇਸ਼ ਮੋਬਾਈਲ ਵੈਨਾਂ ਰਾਹੀਂ ਖਰੀਦ ਸਕਣਗੇ। ਸ਼ੁੱਕਰਵਾਰ ਤੱਕ ਇਨ੍ਹਾਂ ਮੋਬਾਈਲ ਵੈਨਾਂ ਦੀ ਗਿਣਤੀ ਵਧਾ ਕੇ 40 ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਮਦਰ ਡੇਅਰੀ ਦੇ 300 ਬੂਥਾਂ ਰਾਹੀਂ ਵੀ ਪਿਆਜ਼ ਵੇਚਣ ਲਈ ਅਧਿਕਾਰੀਆਂ ਦੀ ਗੱਲਬਾਤ ਜਾਰੀ ਹੈ, ਤਾਂ ਜੋ ਸ਼ਹਿਰ ਦੇ ਹਰ ਕੋਨੇ ਤੱਕ ਲੋਕਾਂ ਨੂੰ ਇਸਦਾ ਸਿੱਧਾ ਲਾਭ ਮਿਲ ਸਕੇ।

Leave a Comment

Your email address will not be published. Required fields are marked *