
ਚੰਡੀਗੜ੍ਹ, 24 ਅਗਸਤ: ਰਸੋਈ ਦੇ ਜ਼ਰੂਰੀ ਸਾਮਾਨ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਬਜਟ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ, ਜਿਸ ਨਾਲ ਮੱਧਮ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਖੰਡ ਅਤੇ ਖਾਣ ਵਾਲੇ ਤੇਲ ਤੋਂ ਬਾਅਦ ਹੁਣ ਰਿਟੇਲ ਮਾਰਕੀਟ ਵਿੱਚ ਚੱਕੀ ਦਾ ਆਟਾ 3 ਰੁਪਏ ਪ੍ਰਤੀ ਕਿੱਲੋ ਅਤੇ ਬ੍ਰਾਂਡਿਡ ਆਟਾ 1 ਰੁਪਏ ਪ੍ਰਤੀ ਕਿੱਲੋ ਮਹਿੰਗਾ ਹੋ ਗਿਆ ਹੈ, ਜਿਸ ਕਾਰਨ ਆਮ ਜਨਤਾ ਸਰਕਾਰ ਦੀ ਕਾਰਜਪ੍ਰਣਾਲੀ ਤੋਂ ਨਿਰਾਸ਼ ਨਜ਼ਰ ਆ ਰਹੀ ਹੈ।
ਪੰਜਾਬ ਰੋਲਰ ਫਲੌਰ ਮਿੱਲਜ਼ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਘਈ ਨੇ ਇਸ ਵਾਧੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਆਟੇ ਦੀਆਂ ਕੀਮਤਾਂ ਦਾ ਮੁੱਦਾ ਪੂਰੇ ਦੇਸ਼ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੌਜੂਦ ਲਗਭਗ 90 ਰੋਲਰ ਫਲੌਰ ਮਿੱਲਾਂ ਅਤੇ ਹਜ਼ਾਰਾਂ ਆਟਾ ਚੱਕੀਆਂ ਵੱਲੋਂ ਭਾਅ ਵਧਾ ਦਿੱਤੇ ਗਏ ਹਨ। ਅਪਰੈਲ ਦੀ ਵਾਢੀ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਤੋਂ 122 ਲੱਖ ਟਨ ਕਣਕ ਦੀ ਖਰੀਦ ਕੀਤੀ ਸੀ, ਜੋ ਕਿ ਕੁੱਲ ਉਤਪਾਦਨ ਦਾ 98 ਫੀਸਦੀ ਸੀ, ਜਦੋਂ ਕਿ ਸਿਰਫ 2 ਫੀਸਦੀ ਸਟਾਕ ਹੀ ਮਿੱਲ ਮਾਲਕਾਂ ਕੋਲ ਬਚਿਆ ਸੀ। ਹੁਣ ਸਟਾਕ ਖਤਮ ਹੋਣ ਕਾਰਨ ਮਿੱਲਰਾਂ ਨੂੰ ਦੂਜੇ ਸੂਬਿਆਂ ਤੋਂ ਮਹਿੰਗੇ ਭਾਅ ‘ਤੇ ਕਣਕ ਖਰੀਦਣੀ ਪੈ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕਿਉਂਕਿ ਪੰਜਾਬ ਕਣਕ ਦਾ ਉਤਪਾਦਕ ਅਤੇ ਖਪਤਕਾਰ ਦੋਵੇਂ ਹੈ, ਇਸ ਲਈ ਕੇਂਦਰ ਸਰਕਾਰ ਨੂੰ ਸੂਬੇ ਲਈ ਇੱਕ ਵਿਸ਼ੇਸ਼ ਨੀਤੀ ਬਣਾਉਣੀ ਚਾਹੀਦੀ ਹੈ।
ਇਸ ਸਬੰਧੀ ਮਿੱਲਰ ਰਾਘਵ ਅਰੋੜਾ ਨੇ ਜਾਣਕਾਰੀ ਦਿੱਤੀ ਕਿ ਅਪਰੈਲ ਵਿੱਚ ਐਮਐਸਪੀ 2585 ਰੁਪਏ ਪ੍ਰਤੀ ਕੁਇੰਟਲ ਸੀ, ਪਰ ਹੁਣ ਉਨ੍ਹਾਂ ਨੂੰ 2800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਣਕ ਖਰੀਦਣੀ ਪੈ ਰਹੀ ਹੈ। ਇਸ ਦੇ ਨਾਲ ਹੀ ਬ੍ਰਾਂਡਿਡ ਕੰਪਨੀਆਂ ਨੇ 10 ਕਿੱਲੋ ਆਟੇ ਦੇ ਥੈਲੇ ਦੀ ਕੀਮਤ 489 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤੀ ਹੈ। ਕਰਿਆਨੇ ਦੇ ਦੁਕਾਨਦਾਰ ਬੂਟਾ ਰਾਮ ਨੇ ਦੱਸਿਆ ਕਿ ਥੋਕ ਭਾਅ ਵਧਣ ਕਾਰਨ ਉਹ ਆਪ 10 ਕਿੱਲੋ ਆਟੇ ਦਾ ਥੈਲਾ 340 ਤੋਂ 350 ਰੁਪਏ ਵਿੱਚ ਵੇਚਣ ਲਈ ਮਜਬੂਰ ਹਨ।
ਆਟੇ ਤੋਂ ਇਲਾਵਾ ਬਾਜ਼ਾਰ ਵਿੱਚ ਖੰਡ 70 ਤੋਂ 75 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਇਸ ਦੇ ਨਾਲ ਹੀ ਪਿਛਲੇ ਇੱਕ ਮਹੀਨੇ ਦੌਰਾਨ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿੱਚ ਵੀ 20 ਫੀਸਦੀ ਤੱਕ ਦਾ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਖੁੱਲ੍ਹਾ ਸਰ੍ਹੋਂ ਦਾ ਤੇਲ 140 ਰੁਪਏ ਤੋਂ ਵਧ ਕੇ 180 ਰੁਪਏ ਪ੍ਰਤੀ ਲੀਟਰ ਅਤੇ ਬ੍ਰਾਂਡਿਡ ਤੇਲ 220 ਰੁਪਏ ਪ੍ਰਤੀ ਲੀਟਰ ਤੱਕ ਮਿਲ ਰਿਹਾ ਹੈ। ਰੇਹੜੀ ਚਲਾਉਣ ਵਾਲੇ ਹੀਰਾ ਸਿੰਘ ਨੇ ਆਪਣਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪੈਟਰੋਲ, ਡੀਜ਼ਲ ਅਤੇ ਐਲਪੀਜੀ ਤੋਂ ਬਾਅਦ ਹੁਣ ਰੋਜ਼ਾਨਾ ਵਰਤੋਂ ਦੀਆਂ ਇਨ੍ਹਾਂ ਜ਼ਰੂਰੀ ਵਸਤੂਆਂ ਦੇ ਭਾਅ ਵਧਣ ਨਾਲ ਗਰੀਬ ਪਰਿਵਾਰਾਂ ਦੀ ਰਸੋਈ ਦਾ ਬਜਟ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਿਆ ਹੈ।





