ਪ੍ਰੋ. ਸ਼ੋਇਬ ਜ਼ਫ਼ਰ

ਮਿਹਨਤ, ਲਗਨ ਅਤੇ ਪੱਕਾ ਹੌਂਸਲਾ ਵਿਅਕਤੀ ਦੀ ਰਾਹ ਵਿਚ ਆਉਣ ਵਾਲੀਆਂ ਸਾਰੀਆਂ ਦੁਸ਼ਵਾਰੀਆਂ ਦੂਰ ਕਰ ਦਿੰਦਾ ਹੈ। ਦੁਨੀਆਂ ਵਿਚ ਅਣਗਿਣਤ ਅਜਿਹੀਆਂ ਉਦਾਹਰਣਾਂ ਹਨ ਜਦੋਂ ਇਨਸਾਨ ਨੇ ਆਪਣੇ ਜਜ਼ਬੇ ਅਤੇ ਮਿੱਥੇ ਨਿਸ਼ਾਨੇ ਦੀ ਸਪੱਸ਼ਟਤਾ ਕਾਰਨ ਰਾਹ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਟਾਕਰਾ ਕਰਦੇ ਹੋਏ ਆਪਣੇ ਸੁਪਨਿਆਂ ਨੂੰ ਸਾਕਾਰ ਕੀਤਾ ਹੈ। ਅਜਿਹੀ ਇਕ ਮਿਸਾਲ ਕੁਝ ਸਮਾਂ ਪਹਿਲਾਂ ਬਨਾਰਸ ਦੇ ਇਕ ਰਿਕਸ਼ਾ ਚਾਲਕ ਦੇ ਬੇਟੇ ਨੇ ਆਈ. ਏ. ਐਸ. ਪ੍ਰੀਖਿਆ ਵਿਚ ਸਮੁੱਚੇ ਭਾਰਤ ਵਿੱਚੋਂ 48ਵਾਂ ਰੈਂਕ ਹਾਸਲ ਕਰ ਦਿਖਾਈ। ਗੋਵਿੰਦ ਜੈਸਵਾਲ ਨਾਮਕ ਇਸ ਨੌਜਵਾਨ ਨੇ ਇਹ ਕਾਰਨਾਮਾ ਆਪਣੀ ਪਹਿਲੀ ਕੋਸ਼ਿਸ਼ ਵਿਚ ਹੀ ਕਰ ਦਿਖਾਇਆ। ਬਨਾਰਸ ਰੇਲਵੇ ਸਟੇਸ਼ਨ ਕੋਲ ਇਕ ਬਸਤੀ ਦੀ ਤੰਗ ਗਲੀ ਵਿਚ ਕਿਰਾਏ ਦੇ ਇਕ ਕਮਰੇ ਵਿਚ ਵਸਦੇ ਨਰਾਇਣ ਜੈਸਵਾਲ ਦਾ ਪਰਿਵਾਰ ਬੇਹੱਦ ਗਰੀਬ ਸੀ। ਉਹ ਰਿਕਸ਼ਾ ਚਲਾ ਕੇ ਆਪਣੇ ਛੇ ਮੈਂਬਰੀ ਪਰਿਵਾਰ ਦਾ ਗੁਜ਼ਰ ਬਸਰ ਬਹੁਤ ਮੁਸ਼ਕਿਲ ਨਾਲ ਕਰਦਾ ਸੀ। ਅਨਪੜ੍ਹ ਨਰਾਇਣ ਨੇ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣ ਵਿਚ ਕੋਈ ਕਸਰ ਨਾ ਛੱਡੀ। ਸਰਕਾਰੀ ਸਕੂਲ ਵਿਚ ਪੜ੍ਹਦਿਆਂ ਉਸ ਦੇ ਬੇਟੇ ਗੋਵਿੰਦ ਨੇ ਹਮੇਸ਼ਾ ਵਧੀਆ ਅੰਕ ਹਾਸਲ ਕੀਤੇ। ਕਾਲਜ ਵਿਚ ਪੜ੍ਹਦਿਆਂ ਗੋਵਿੰਦ ਨੇ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕਰਨ ਦਾ ਪ੍ਰਣ ਲੈ ਲਿਆ ਸੀ, ਪਰ ਪਰਿਵਾਰ ਦੀ ਘੋਰ ਗਰੀਬੀ ਨੇ ਬਹੁਤ ਵਾਰ ਗੋਵਿੰਦ ਅਤੇ ਉਸ ਦੇ ਪਿਤਾ ਦੀ ਹਿੰਮਤ ਦਾ ਇਮਤਿਹਾਨ ਲਿਆ। ਪਿਤਾ ਨਰਾਇਣ ਜੈਸਵਾਲ ਨੇ ਦਿਨ ਰਾਤ ਰਿਕਸ਼ਾ ਚਲਾ ਕੇ ਗੋਵਿੰਦ ਦੀ ਪੜ੍ਹਾਈ ਵਿਚ ਵਿਘਨ ਨਾ ਆਉਣ ਦੀ ਹਰ ਸੰਭਵ ਕੋਸ਼ਿਸ ਕੀਤੀ। ਗੋਵਿੰਦ ਨੇ ਵੀ ਕਾਲਜ ਸਮੇਂ ਤੋਂ ਹੀ ਛੋਟੇ ਬੱਚਿਆਂ ਦੀ ਟਿਊਸ਼ਨ ਕਰ ਕੇ ਆਪਣੇ ਪਿਤਾ ਦੇ ਬੋਝ ਨੂੰ ਕੁਝ ਹਲਕਾ ਕਰਨ ਦਾ ਯਤਨ ਹਮੇਸ਼ਾ ਕੀਤਾ। ਪਹਿਲਾਂ ਆਪਣੇ ਇਕ ਦੋਸਤ ਕੋਲ ਬਨਾਰਸ ਯੂਨੀਵਰਸਿਟੀ ਦੇ ਹੋਸਟਲ ਵਿਚ ਰਹਿ ਕੇ ਅਤੇ ਬਾਅਦ ਵਿਚ ਦਿੱਲੀ ਆ ਕੇ ਬਹੁਤ ਮੁਸ਼ਕਿਲ ਹਾਲਾਤਾਂ ਵਿਚ ਰਹਿੰਦੇ ਹੋਏ ਉਸ ਨੇ ਆਈ.ਏ.ਐਸ. ਲਈ ਆਪਣੀ ਤਿਆਰੀ ਜਾਰੀ ਰੱਖੀ। ਬੱਚੇ ਦੀ ਪੜ੍ਹਾਈ ਲਈ ਬਾਪ ਨਰਾਇਣ ਨੇ ਆਪਣੀ ਕਈ ਸਾਲਾਂ ਦੀ ਕਮਾਈ ਨਾਲ ਖਰੀਦਿਆ ਪਲਾਟ 40,000 ਹਜ਼ਾਰ ਵਿਚ ਵੇਚ ਦਿੱਤਾ। ਅੰਤ ਇਹ ਸਾਰੀ ਮਿਹਨਤ ਰੰਗ ਲਿਆਈ। ਗੋਵਿੰਦ ਜੈਸਵਾਲ ਨੇ ਆਪਣੀ ਪਹਿਲੀ ਕੋਸ਼ਿਸ਼ ਵਿਚ ਨਾਮੁਮਕਿਨ ਨੂੰ ਮੁਮਕਿਨ ਕਰ ਵਿਖਾਇਆ। ਉਸ ਨੂੰ ਸਾਰੇ ਭਾਰਤ ਵਿੱਚੋਂ 48ਵਾਂ ਸਥਾਨ ਹਾਸਲ ਹੋਇਆ। ਪੁੱਤਰ ਨੇ ਆਪਣੇ ਪਿਤਾ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਮਿਹਨਤ ਅਤੇ ਦੁਆਵਾਂ ਸਦਕਾ ਅਸੰਭਵ ਨੂੰ ਸੰਭਵ ਕਰ ਵਿਖਾਇਆ।





