
ਸੁਖਵਿੰਦਰ ਸਿੰਘ ਲੋਟਾ ਨੂੰ ਬੋਤਲਾਂ ਵਿਚ ਕਵਿਤਾਵਾਂ ਲਿਖਣ ਵਾਲਾ ਦੁਨੀਆਂ ਦਾ ਪਹਿਲਾ ਕਵੀ ਕਿਹਾ ਜਾ ਸਕਦਾ ਹੈ, ਕਿਉਂਕਿ ਹੁਣ ਤੱਕ ਹੋਰ ਕੋਈ ਅਜਿਹੀ ਖ਼ਬਰ ਨਹੀਂ ਸੁਣੀ। ਉਸ ਦਾ ਨਾਂ ਇੰਡੀਆ ਬੁੱਕ ਆਫ਼ ਰਿਕਾਰਡਜ਼ ਦੇ ਵਿਚ ਦਰਜ ਹੈ। ਲੋਟੇ ਦਾ ਜਨਮ ਧੂਰੀ (ਸੰਗਰੂਰ) ਵਿਖੇ ਪਿਤਾ ਜਤਿੰਦਰ ਪਾਲ ਸਿੰਘ ਦੇ ਘਰ ਮਾਤਾ ਦੀਪ ਕੌਰ ਦੀ ਕੁੱਖੋਂ 1964 ਵਿਚ ਹੋਇਆ। 10ਵੀਂ ਤੱਕ ਦੀ ਮੁੱਢਲੀ ਪੜ੍ਹਾਈ ਐਸ. ਡੀ. ਸੀਨੀਅਰ. ਸੈਕੰਡਰੀ ਸਕੂਲ, ਧੂਰੀ ਤੋਂ ਹਾਸਲ ਕੀਤੀ। ਉਸ ਤੋਂ ਬਾਅਦ ਗੌਰਮਿੰਟ ਰਣਬੀਰ ਕਾਲਜ, ਸੰਗਰੂਰ ਵਿਚ ਦਾਖਲ ਹੋਇਆ ਅਤੇ ਉਥੇ ਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਘਰੇਲੂ ਹਾਲਾਤਾਂ ਕਾਰਨ ਬੀ. ਏ. ਦੀ ਪੜ੍ਹਾਈ ਵਿਚਕਾਰ ਹੀ ਛੱਡ ਅਤੇ ਬੈਟਰੀਆਂ ਦਾ ਕੰਮ ਸਿੱਖ ਕੇ ਆਪਣੀ ਦੁਕਾਨ ‘ਤੇ ਬੈਟਰੀਆਂ ਦਾ ਕੰਮ ਕਰਨ ਲੱਗ ਗਿਆ। ਉਸ ਨੇ ਲਿਖਣਾ ਵੀ ਜਾਰੀ ਰੱਖਿਆ ਅਤੇ ਇਕ ਦਿਨ ਕਵਿਤਾ ਸ਼ਰਾਬ ਬਾਰੇ ਕਵਿਤਾ ਲਿਖੀ, ‘ਮੈਂ ਸ਼ਰਾਬ ਹਾਂ, ਮੈਂ ਬੜੀ ਖਰਾਬ ਹਾਂ, ਮੈਨੂੰ ਨਾ ਪੀ, ਸੁਖੀ ਜੀਵਨ ਜੀਓ।’ ਇਹ ਕਵਿਤਾ ਲਿਖਣ ਤੋਂ ਬਾਅਦ ਲੋਟੇ ਦੇ ਦਿਮਾਗ ਵਿਚ ਆਇਆ ਕਿ ਇਹ ਕਵਿਤਾ ਨੂੰ ਸ਼ਰਾਬ ਦੀ ਬੋਤਲ ਦੇ ਵਿਚ ਕਿਸੇ ਵੀ ਤਰੀਕੇ ਨਾਲ ਲਿਖੀ ਜਾਏ।
ਕਈ ਮਹੀਨਿਆਂ ਦੀ ਮਿਹਨਤ ਦੇ ਬਾਅਦ ਲੋਟੇ ਇਸ ਕਵਿਤਾ ਨੂੰ ਰੰਗ ਅਤੇ ਬੁਰਸ਼ ਦੇ ਨਾਲ ਬੋਤਲ ਦੇ ਅੰਦਰ ਲਿਖਣ ਵਿਚ ਸਫ਼ਲ ਹੋ ਗਿਆ। ਲਿਖਣ ਵਾਲੇ ਬੁਰਸ਼ ਉਸ ਨੇ ਆਪਣੇ ਤਰੀਕੇ ਨਾਲ ਖੁਦ ਤਿਆਰ ਕੀਤੇ ਹਨ। ਹੁਣ ਤੱਕ ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ, ਰਸ਼ੀਅਨ, ਸਮੇਤ ਕਈ ਭਾਸ਼ਾਵਾਂ ਦੇ ਵਿਚ ਕਵਿਤਾਵਾਂ ਬੋਤਲਾਂ ਵਿਚ ਲਿਖ ਚੁੱਕਾ ਹੈ। ਉਹ ਆਪਣੀ ਇਸ ਕਲਾ ਦੀ ਪ੍ਰਦਰਸ਼ਨੀ ਕਈ ਸਾਹਿਤਕ ਤੇ ਸਭਿਆਚਾਰਕ ਇਕੱਠਾਂ ਅਤੇ ਮੇਲਿਆਂ ਵਿਚ ਲਾ ਚੁੱਕਾ ਹੈ। ਕਈ ਸਭਾ, ਸੁਸਾਇਟੀਆਂ ਨੇ ਉਸ ਦਾ ਸਨਮਾਨ ਵੀ ਕੀਤਾ ਹੈ। ਉਸ ਦਾ ਯਤਨ ਹੈ ਕਿ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਵਾਉਣ ਦਾ।





