ਸਾਬਕਾ ਦਿੱਗਜਾਂ ਨੇ ਚੋਣ ਪ੍ਰਕਿਰਿਆ ’ਤੇ ਜਤਾਇਆ ਰੋਸ

ਨਵੀਂ ਦਿੱਲੀ, 27 ਅਗਸਤ: ਆਲਮੀ ਕੱਪ ਵਿੱਚ 51 ਸਾਲਾਂ ਤੋਂ ਚੱਲੇ ਆ ਰਹੇ ਖ਼ਿਤਾਬੀ ਸੋਕੇ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਉੱਤਰੀ ਭਾਰਤੀ ਪੁਰਸ਼ ਹਾਕੀ ਟੀਮ ਦੇ ਸੈਮੀਫ਼ਾਈਨਲ ਤੱਕ ਵੀ ਨਾ ਪਹੁੰਚ ਸਕਣ ਕਰਕੇ ਸਾਬਕਾ ਖਿਡਾਰੀਆਂ ਵਿੱਚ ਭਾਰੀ ਨਿਰਾਸ਼ਾ ਅਤੇ ਰੋਸ ਪਾਇਆ ਜਾ ਰਹਾ ਹੈ। ਐਮਸਟਲਵੀਨ ਤੋਂ ਮਿਲੀ ਰਿਪੋਰਟ ਮੁਤਾਬਕ ਦਿੱਗਜ ਖਿਡਾਰੀਆਂ ਨੇ ਨੌਜਵਾਨਾਂ ਨੂੰ ਮੌਕਾ ਨਾ ਦੇਣ ਅਤੇ ਲਗਾਤਾਰ ਉਸੇ ਪੁਰਾਣੇ ਕੋਰ ਗਰੁੱਪ ਨਾਲ ਖੇਡਣ ਦੀ ਨੀਤੀ ’ਤੇ ਤਿੱਖੇ ਸਵਾਲ ਚੁੱਕੇ ਹਨ। ਉਹਨਾਂ ਦਾ ਮੰਨਣਾ ਹੈ ਕਿ ਟੀਮ ਦੀ ਹੌਲੀ ਸ਼ੁਰੂਆਤ, ਮੌਕੇ ਗੁਆਉਣ ਅਤੇ ਰੱਖਿਆ ਕਤਾਰ ਦੀਆਂ ਖਾਮੀਆਂ ਤੋਂ ਇਲਾਵਾ ਸਭ ਤੋਂ ਵੱਡੀ ਸਮੱਸਿਆ ਟੀਮ ਪ੍ਰਬੰਧਨ ਦੀ ਸੋਚ ਵਿੱਚ ਹੈ, ਜਿਸ ਦਾ ਹੱਲ ਕਾਫ਼ੀ ਸਮਾਂ ਪਹਿਲਾਂ ਹੋਣਾ ਚਾਹੀਦਾ ਸੀ।ਸਾਬਕਾ ਗੋਲਕੀਪਰ ਪੀ ਆਰ ਸ੍ਰੀਜੇਸ਼ ਨੇ ਜੂਨੀਅਰ ਖਿਡਾਰੀਆਂ ਦੀ ਅਣਦੇਖੀ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸੀਨੀਅਰਾਂ ਤੋਂ ਬਾਅਦ ਟੀਮ ਦੀ ਦੂਜੀ ਕਤਾਰ ਤਿਆਰ ਹੀ ਨਹੀਂ ਕੀਤੀ ਗਈ। ਲਾਸ ਏਂਜਲਸ ਓਲੰਪਿਕਸ ਵਿੱਚ ਕੁਝ ਹੀ ਸਮਾਂ ਬਾਕੀ ਹੈ ਅਤੇ ਮਹਿਜ਼ 30 ਦੇ ਕਰੀਬ ਮੈਚਾਂ ਨਾਲ ਨਵੇਂ ਖਿਡਾਰੀ ਓਲੰਪਿਕ ਲਈ ਤਿਆਰ ਨਹੀਂ ਹੋ ਸਕਦੇ। ਉਨ੍ਹਾਂ ਮਨਮੀਤ ਸਿੰਘ, ਆਮਿਰ ਅਲੀ, ਰੋਸ਼ਨ ਕੁਜੂਰ, ਤਾਲੇਮ ਪ੍ਰਿਅਬਰਤ, ਰੋਹਿਤ ਅਤੇ ਅਰਸ਼ਦੀਪ ਵਰਗੇ ਹੋਣਹਾਰ ਜੂਨੀਅਰਾਂ ਨੂੰ ਵਿਸ਼ਵ ਕੱਪ ਵਿੱਚ ਥਾਂ ਨਾ ਮਿਲਣ ’ਤੇ ਅਫ਼ਸੋਸ ਜਤਾਇਆ।ਦਿੱਗਜ ਖਿਡਾਰੀ ਜਗਬੀਰ ਸਿੰਘ ਨੇ ਕਿਹਾ ਕਿ ਤਿਆਰੀ ਹਮੇਸ਼ਾ ਇੱਕ ਓਲੰਪਿਕ ਤੋਂ ਦੂਜੇ ਓਲੰਪਿਕ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ, ਪਰ ਕੋਚਿੰਗ ਸਟਾਫ਼ ਵੱਲੋਂ ਸਿਰਫ਼ ਤਜਰਬੇ ਨੂੰ ਦਿੱਤੀ ਗਈ ਤਰਜੀਹ ਪੂਰੀ ਤਰ੍ਹਾਂ ਨਾਕਾਮ ਰਹੀ। ਇਸੇ ਤਰ੍ਹਾਂ ਓਲੰਪਿਕ ਸੋਨ ਤਗ਼ਮਾ ਜੇਤੂ ਕਪਤਾਨ ਵਾਸੂਦੇਵਨ ਭਾਸਕਰਨ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਭਾਰਤੀ ਫਾਰਵਰਡ ਲਾਈਨ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ ਅਤੇ ਟੀਮ ਦੀ ਚੋਣ ਨਵੇਂ ਹੁਨਰ ਦੀ ਥਾਂ ਪੁਰਾਣੇ ਰਿਕਾਰਡਾਂ ਤੇ ਹਮਦਰਦੀ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ। ਪੰਜਾਬ ਦੇ ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਨੇ ਭਾਰਤੀ ਹਾਕੀ ਦੇ ਅੰਦਰੂਨੀ ਢਾਂਚੇ ਨੂੰ ਬੇਹੱਦ ਕਮਜ਼ੋਰ ਦੱਸਦਿਆਂ ਕਿਹਾ ਕਿ ਮਜ਼ਬੂਤ ਸਿਸਟਮ ਦੀ ਘਾਟ ਕਾਰਨ ਨਵੇਂ ਅਤੇ ਹੋਣਹਾਰ ਖਿਡਾਰੀ ਉੱਭਰ ਕੇ ਸਾਹਮਣੇ ਨਹੀਂ ਆ ਰਹੇ।





