ਹਿੰਦੀ ਦਿਵਸ ‘ਤੇ ਵਿਸ਼ੇਸ਼

ਇਨ੍ਹਾਂ ਦਿਨਾਂ ਵਿੱਚ ਮੈਂ ਅਕਸਰ ਸੋਚਦਾ ਹਾਂ ਕਿ ਜੇਕਰ ਵੰਡ ਦਾ ਦਰਦ ਆਪਣੀਆਂ ਰਚਨਾਵਾਂ ਵਿੱਚ ਦਰਜ ਕਰਨ ਵਾਲੇ ਸਾਡੇ ਕਈ ਮਹਾਨ ਲੇਖਕ ਅਤੇ ਕਵੀ ਅੱਜ ਹਿੰਦੁਸਤਾਨ ਦੀ ਸਰਜ਼ਮੀਂ ‘ਤੇ ਪਰਤ ਆਉਣ, ਤਾਂ ਉਨ੍ਹਾਂ ਦੀ ਪ੍ਰਤੀਕਿਰਿਆ ਕੀ ਹੋਵੇਗੀ?
ਮੇਰੇ ਮਨ ਵਿੱਚ ਸਭ ਤੋਂ ਪਹਿਲਾਂ ਸਆਦਤ ਹਸਨ ਮੰਟੋ, ਰਾਜਿੰਦਰ ਸਿੰਘ ਬੇਦੀ, ਅੰਮ੍ਰਿਤਾ ਪ੍ਰੀਤਮ ਅਤੇ ਰਾਹੀ ਮਾਸੂਮ ਰਜ਼ਾ ਦੇ ਨਾਮ ਆਉਂਦੇ ਹਨ। ਚਾਰੇ ਲੇਖਕਾਂ ਦੀ ਭਾਸ਼ਾ ਵੱਖਰੀ ਸੀ, ਤਜ਼ਰਬੇ ਵੱਖਰੇ ਸਨ, ਸੰਵੇਦਨਾਵਾਂ ਦੀਆਂ ਡੂੰਘਾਈਆਂ ਵੱਖਰੀਆਂ ਸਨ, ਪਰ ਉਨ੍ਹਾਂ ਦੇ ਸਾਹਿਤ ਦੇ ਕੇਂਦਰ ਵਿੱਚ ਇੱਕ ਹੀ ਚੀਜ਼ ਸੀ—ਮਨੁੱਖ। ਉਨ੍ਹਾਂ ਨੇ ਵੰਡ ਨੂੰ ਨਕਸ਼ੇ ‘ਤੇ ਖਿੱਚੀ ਇੱਕ ਲਕੀਰ ਵਾਂਗ ਨਹੀਂ ਦੇਖਿਆ ਸੀ। ਉਨ੍ਹਾਂ ਦੇ ਸਮੇਂ ਵੰਡ ਘਰਾਂ ਦੇ ਅੰਦਰ ਵੜ ਆਈ ਸੀ। ਰਿਸ਼ਤਿਆਂ ਨੂੰ ਤੋੜ ਰਹੀ ਸੀ। ਪਿਆਰ ਨੂੰ ਸ਼ੱਕ ਵਿੱਚ ਬਦਲ ਰਹੀ ਸੀ ਅਤੇ ਸਭ ਤੋਂ ਵੱਧ ਮਨੁੱਖ ਦੇ ਅੰਦਰੋਂ ਮਨੁੱਖਤਾ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ।
ਮੈਨੂੰ ਲੱਗਦਾ ਹੈ, ਮੰਟੋ ਅੱਜ ਪਰਤਦੇ ਤਾਂ ਸਭ ਤੋਂ ਪਹਿਲਾਂ ਕਿਸੇ ਸਿਆਸੀ ਮੰਚ ‘ਤੇ ਨਾ ਜਾਂਦੇ। ਉਹ ਸੜਕ ‘ਤੇ ਨਿਕਲਦੇ, ਲੋਕਾਂ ਨੂੰ ਦੇਖਦੇ, ਗੱਲਬਾਤ ਸੁਣਦੇ। ਸ਼ਾਇਦ ਚੁੱਪਚਾਪ ਮੁਸਕੁਰਾਉਂਦੇ। ਉਨ੍ਹਾਂ ਦੀ ਉਸ ਮੁਸਕਾਨ ਵਿੱਚ ਹਮਦਰਦੀ ਵੀ ਹੁੰਦੀ ਅਤੇ ਵਿਅੰਗ ਵੀ। ਕੋਈ ਉਨ੍ਹਾਂ ਤੋਂ ਪੁੱਛਦਾ, ‘ਮੰਟੋ ਸਾਹਿਬ, ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਹਾਲਾਤ ਵੰਡ ਦੇ ਦੌਰ ਤੋਂ ਵੀ ਮਾੜੇ ਹਨ?’ ਸ਼ਾਇਦ ਉਹ ਜਵਾਬ ਦਿੰਦੇ, ‘ਵੰਡ ਵੇਲੇ ਘੱਟੋ-ਘੱਟ ਲੋਕਾਂ ਨੂੰ ਪਤਾ ਸੀ ਕਿ ਮੁਲਕ ਵੰਡਿਆ ਜਾ ਰਿਹਾ ਹੈ। ਹੁਣ ਕਈ ਲੋਕ ਆਪਣੇ ਗੁਆਂਢੀ ਨੂੰ ਵੰਡ ਰਹੇ ਹਨ ਅਤੇ ਇਸ ਨੂੰ ਦੇਸ਼ ਭਗਤੀ ਕਹਿ ਰਹੇ ਹਨ।’
ਫਿਰ ਸ਼ਾਇਦ ਉਹ ਆਪਣੇ “ਟੋਬਾ ਟੇਕ ਸਿੰਘ” ਨੂੰ ਯਾਦ ਕਰਦੇ। ਬਿਸ਼ਨ ਸਿੰਘ ਨੂੰ, ਜੋ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਸਰਹੱਦ ਵਿਚਕਾਰ ਖੜ੍ਹਾ ਹੋ ਕੇ ਪੁੱਛਦਾ ਹੈ ਕਿ ਉਸ ਦਾ ਦੇਸ਼ ਆਖਰ ਹੈ ਕਿੱਥੇ? ਮੰਟੋ ਸ਼ਾਇਦ ਅੱਜ ਬਿਸ਼ਨ ਸਿੰਘ ਨੂੰ ਕਿਸੇ ਇੱਕ ਪਾਗਲਖਾਨੇ ਵਿੱਚ ਨਹੀਂ, ਸਗੋਂ ਸਾਡੇ ਵਿਚਕਾਰ ਦੇਖਦੇ। ਕਦੇ ਕਿਸੇ ਟੀਵੀ ਸਟੂਡੀਓ ਵਿੱਚ, ਕਦੇ ਕਿਸੇ ਸੋਸ਼ਲ ਮੀਡੀਆ ਦੀ ਬਹਿਸ ਵਿੱਚ, ਕਦੇ ਕਿਸੇ ਭੀੜ ਵਿੱਚ ਅਤੇ ਕਦੇ ਉਸ ਨਾਗਰਿਕ ਦੀਆਂ ਅੱਖਾਂ ਵਿੱਚ, ਜੋ ਆਪਣੇ ਹੀ ਦੇਸ਼ ਵਿੱਚ ਆਪਣੀ ਵਫ਼ਾਦਾਰੀ ਦਾ ਸਬੂਤ ਦੇਣ ਲਈ ਮਜਬੂਰ ਹੈ। ਮੰਟੋ ਸ਼ਾਇਦ ਕਾਗਜ਼ ਕੱਢ ਕੇ ਫਿਰ ਲਿਖਣਾ ਸ਼ੁਰੂ ਕਰਦੇ। ਇਸ ਵਾਰ ਕਹਾਣੀ ਕਿਸੇ ਪਾਗਲਖਾਨੇ ਦੀ ਨਾ ਹੁੰਦੀ। ਆਖਰੀ ਲਾਈਨ ਵਿੱਚ ਉਹ ਸ਼ਾਇਦ ਲਿਖਦੇ, ‘ਪਾਗਲ ਕੌਣ ਹੈ, ਇਹ ਤੈਅ ਕਰਨਾ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਔਖਾ ਕਿਉਂ ਹੋ ਗਿਆ ਹੈ?’
ਲੇਖਕ ਰਾਜਿੰਦਰ ਸਿੰਘ ਬੇਦੀ ਸ਼ਾਇਦ ਇਸ ਦ੍ਰਿਸ਼ ਨੂੰ ਕਿਸੇ ਹੋਰ ਢੰਗ ਨਾਲ ਦੇਖਦੇ। ਉਹ ਕਿਸੇ ਘਰ ਦੇ ਅੰਦਰ ਚਲੇ ਜਾਂਦੇ। ਕਿਸੇ ਪੁਰਾਣੇ ਸੰਦੂਕ ਵਿੱਚ ਰੱਖੀਆਂ ਚਿੱਠੀਆਂ ਦੇਖਦੇ, ਕੰਧ ‘ਤੇ ਟੰਗੀ ਤਸਵੀਰ ਦੇਖਦੇ, ਰਸੋਈ ਵਿੱਚ ਰੱਖੇ ਬਰਤਨ ਦੇਖਦੇ। ਉਹ ਜਾਣਦੇ ਸਨ ਕਿ ਇਤਿਹਾਸ ਸਭ ਤੋਂ ਡੂੰਘੀ ਸੱਟ ਅਕਸਰ ਘਰਾਂ ਦੇ ਅੰਦਰ ਮਾਰਦਾ ਹੈ। ਉਹ ਸ਼ਾਇਦ ਪੁੱਛਦੇ, ‘ਇਹ ਤਸਵੀਰ ਕਿਸ ਦੀ ਹੈ?’ ਜਵਾਬ ਮਿਲਦਾ, ‘ਗੁਆਂਢੀ ਦੀ।’ ‘ਹੁਣ ਕਿੱਥੇ ਹਨ?’ ‘ਦੂਜੇ ਸ਼ਹਿਰ ਚਲੇ ਗਏ।’ ‘ਕਿਉਂ?’ ਇਸ ਸਵਾਲ ਦਾ ਕੋਈ ਇੱਕ ਜਵਾਬ ਨਹੀਂ ਹੁੰਦਾ। ਬੇਦੀ ਸਮਝ ਜਾਂਦੇ।
ਉਹ ਉਨ੍ਹਾਂ ਛੋਟੀਆਂ-ਛੋਟੀਆਂ ਤਰੇੜਾਂ ਨੂੰ ਦੇਖਦੇ, ਜਿਨ੍ਹਾਂ ਨੂੰ ਅਸੀਂ ਆਮ ਜ਼ਿੰਦਗੀ ਦਾ ਹਿੱਸਾ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਇੱਕ-ਦੂਜੇ ਦੇ ਘਰ ਜਾਣ ਵਿੱਚ ਝਿਜਕ, ਤਿਉਹਾਰਾਂ ਦੀਆਂ ਮੁਬਾਰਕਬਾਦਾਂ ਵਿੱਚ ਸਾਵਧਾਨੀ, ਬੱਚਿਆਂ ਨੂੰ ਕੁੱਝ ਲੋਕਾਂ ਤੋਂ ਦੂਰ ਰਹਿਣ ਦੀ ਸਲਾਹ, ਨਾਮ ਪੁੱਛਣ ਤੋਂ ਪਹਿਲਾਂ ਗੋਤ ਪੁੱਛਣਾ। ਬੇਦੀ ਸ਼ਾਇਦ ਕਹਿੰਦੇ ਕਿ ਦੇਸ਼ ਸਿਰਫ਼ ਸੜਕ ‘ਤੇ ਨਹੀਂ ਹੁੰਦਾ। ਉਹ ਪਹਿਲਾਂ ਭਾਸ਼ਾ ਵਿੱਚ ਦਾਖ਼ਲ ਹੁੰਦਾ ਹੈ, ਫਿਰ ਯਾਦਾਂ ਵਿੱਚ ਅਤੇ ਅੰਤ ਵਿੱਚ ਮਨੁੱਖ ਦੇ ਅੰਦਰ।
ਇਹੀ ਸ਼ਾਇਦ ਅੱਜ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ। ਹਿੰਸਾ ਸਿਰਫ਼ ਹਿੰਸਾ ਨਹੀਂ ਰਹਿ ਗਈ ਹੈ, ਉਸ ਦਾ ਸਮਾਜਿਕ ਆਮਕਰਨ ਹੋ ਰਿਹਾ ਹੈ। ਨਫ਼ਰਤ ਸਿਰਫ਼ ਭੀੜ ਵਿੱਚ ਨਹੀਂ ਦਿਸਦੀ, ਉਹ ਸ਼ਬਦਾਂ ਵਿੱਚ ਉਤਰਦੀ ਹੈ, ਮਜ਼ਾਕ ਵਿੱਚ ਬਦਲਦੀ ਹੈ, ਚੋਣ ਭਾਸ਼ਣਾਂ ਵਿੱਚ ਜਗ੍ਹਾ ਪਾਉਂਦੀ ਹੈ ਅਤੇ ਹੌਲੀ-ਹੌਲੀ ਸਾਡੇ ਰੋਜ਼ਾਨਾ ਦੇ ਵਿਓਹਾਰ ਦਾ ਹਿੱਸਾ ਬਣ ਜਾਂਦੀ ਹੈ। ਵੰਡ ਨੇ ਸਾਨੂੰ ਦੱਸਿਆ ਸੀ ਕਿ ਮਨੁੱਖ ਨੂੰ ਦੂਜੇ ਮਨੁੱਖ ਤੋਂ ਵੱਖ ਕਰਨ ਦੀ ਸ਼ੁਰੂਆਤ ਕਿੰਨੀ ਛੋਟੀ ਹੋ ਸਕਦੀ ਹੈ ਅਤੇ ਉਸ ਦਾ ਅੰਤ ਕਿੰਨਾ ਭਿਆਨਕ।
ਅੰਮ੍ਰਿਤਾ ਪ੍ਰੀਤਮ ਸ਼ਾਇਦ ਪੰਜਾਬ ਵੱਲ ਜਾਂਦੀ। ਕਿਸੇ ਨਦੀ ਦੇ ਕੰਢੇ ਬੈਠਦੀ ਅਤੇ ਸ਼ਾਇਦ ਵਾਰਿਸ ਸ਼ਾਹ ਨੂੰ ਫਿਰ ਪੁਕਾਰਦੀ, ਪਰ ਇਸ ਵਾਰ ਉਸ ਦੀ ਪੁਕਾਰ ਸਿਰਫ਼ ਪੰਜਾਬ ਲਈ ਨਹੀਂ ਹੁੰਦੀ। ਉਸ ਦੀਆਂ ਨਜ਼ਰਾਂ ਦੇਸ਼ ਦੇ ਉਨ੍ਹਾਂ ਸਾਰੇ ਹਿੱਸਿਆਂ ਤੱਕ ਜਾਂਦੀਆਂ, ਜਿੱਥੇ ਪਛਾਣ ਔਰਤ ਦੇ ਸਰੀਰ ‘ਤੇ ਲਿਖੀ ਜਾ ਰਹੀ ਹੈ, ਜਿੱਥੇ ਪਿਆਰ ਨੂੰ ਧਰਮ ਅਤੇ ਜਾਤ ਦੀ ਚੌਖਟ ‘ਤੇ ਰੋਕਿਆ ਜਾ ਰਹਾ ਹੈ, ਜਿੱਥੇ ਕਿਸੇ ਔਰਤ ਦੇ ਕੱਪੜੇ, ਭੋਜਨ ਜਾਂ ਜ਼ਿੰਦਗੀ ਦੀ ਚੋਣ ਨੂੰ ਸਮਾਜਿਕ ਅਣਖ ਦਾ ਪ੍ਰਸ਼ਨ ਬਣਾ ਦਿੱਤਾ ਜਾਂਦਾ ਹੈ। ਸ਼ਾਇਦ ਅੰਮ੍ਰਿਤਾ ਪੁੱਛਦੀ, ‘ਵਾਰਿਸ ਸ਼ਾਹ, ਮੈਂ ਤੈਨੂੰ ਉਸ ਵੇਲੇ ਪੁਕਾਰਿਆ ਸੀ, ਜਦੋਂ ਪੰਜਾਬ ਦੀ ਧਰਤੀ ‘ਤੇ ਔਰਤਾਂ ਰੋ ਰਹੀਆਂ ਸਨ। ਅੱਜ ਫਿਰ ਉਵੇਂ ਦੀਆਂ ਹੀ ਆਵਾਜ਼ਾਂ ਆ ਰਹੀਆਂ ਹਨ। ਕੀ ਤੂੰ ਸੁਣ ਰਿਹਾ ਏਂ?’ ਅਤੇ ਫਿਰ ਸ਼ਾਇਦ ਉਨ੍ਹਾਂ ਨੂੰ ਇਹ ਅਹਿਸਾਸ ਹੁੰਦਾ ਕਿ ਵੰਡ ਦੇ ਇੰਨੇ ਸਾਲਾਂ ਬਾਅਦ ਵੀ ਔਰਤਾਂ ਦੇ ਹਿੱਸੇ ਦਾ ਡਰ ਅਜੇ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ। ਸਿਆਸਤ ਬਦਲ ਗਈ, ਸਰਹੱਦਾਂ ਬਦਲ ਗਈਆਂ, ਸਰਕਾਰਾਂ ਬਦਲ ਗਈਆਂ, ਪਰ ਔਰਤ ਦਾ ਸਰੀਰ ਅਜੇ ਵੀ ਅਕਸਰ ਸਮਾਜਿਕ ਬਦਲੇ ਅਤੇ ਸ਼੍ਰੇਸ਼ਠਤਾ ਦਾ ਮੈਦਾਨ ਬਣਾ ਦਿੱਤਾ ਜਾਂਦਾ ਹੈ।
ਰਾਹੀ ਮਾਸੂਮ ਰਜ਼ਾ ਸ਼ਾਇਦ ਸਭ ਤੋਂ ਵੱਧ ਬੇਚੈਨ ਹੁੰਦੇ। ਉਹ ਆਪਣੇ ਗਾਜ਼ੀਪੁਰ ਵੱਲ ਪਰਤਦੇ। ਆਪਣੇ ਪਿੰਡ ਦੀਆਂ ਗਲੀਆਂ ਵਿੱਚ ਜਾਂਦੇ। ਉਨ੍ਹਾਂ ਚਿਹਰਿਆਂ ਨੂੰ ਲੱਭਦੇ, ਜਿਨ੍ਹਾਂ ਵਿੱਚ ਕਦੇ ਧਰਮ ਤੋਂ ਪਹਿਲਾਂ ਗੁਆਂਢੀ ਹੋਣ ਦੀ ਪਛਾਣ ਸੀ। ਉਹ ਸ਼ਾਇਦ ਪੁੱਛਦੇ, ‘ਕਿਸ ਨੇ ਤੈਨੂੰ ਦੱਸਿਆ ਕਿ ਤੇਰਾ ਗੁਆਂਢੀ ਪਹਿਲਾਂ ਹਿੰਦੂ ਜਾਂ ਮੁਸਲਮਾਨ ਹੈ ਅਤੇ ਬਾਅਦ ਵਿੱਚ ਗੁਆਂਢੀ?’ ਉਨ੍ਹਾਂ ਨੂੰ ਆਪਣਾ ‘ਆਧਾ ਗਾਂਵ’ ਯਾਦ ਆਉਂਦਾ। ਉਹ ਸ਼ਾਇਦ ਦੇਖਦੇ ਕਿ ਪਿੰਡ ਕਦੇ ਵੰਡ ਵਿੱਚ ਅੱਧਾ ਹੋਇਆ ਸੀ, ਪਰ ਅੱਜ ਅਸੀਂ ਫਿਰ ਆਪਣੇ ਪਿੰਡ, ਆਪਣੇ ਸ਼ਹਿਰ ਅਤੇ ਆਪਣੇ ਸਮਾਜ ਨੂੰ ਵੱਖ-ਵੱਖ ਖਾਨਿਆਂ ਵਿੱਚ ਵੰਡਣ ਦੀ ਕੋਸ਼ਿਸ਼ ਕਰ ਰਹੇ ਹਾਂ। ਰਾਹੀ ਸ਼ਾਇਦ ਕਹਿੰਦੇ, ‘ਮੁਲਕ ਦਾ ਨਕਸ਼ਾ ਇੱਕ ਵਾਰ ਬਣਦਾ ਹੈ, ਪਰ ਮੁਲਕ ਦੇ ਅੰਦਰ ਜੋ ਨਕਸ਼ੇ ਬਣਦੇ ਹਨ, ਉਹ ਰੋਜ਼ ਬਣਦੇ ਹਨ।’ ਅਤੇ ਇੱਥੇ ਆ ਕੇ ਮੰਟੋ, ਬੇਦੀ, ਅੰਮ੍ਰਿਤਾ ਅਤੇ ਰਾਹੀ ਦੀਆਂ ਕਾਲਪਨਿਕ ਆਵਾਜ਼ਾਂ ਇੱਕ-ਦੂਜੇ ਵਿੱਚ ਘੁਲਣ-ਮਿਲਣ ਲੱਗਦੀਆਂ ਹਨ। ਚਾਰੇ ਸ਼ਾਇਦ ਵੱਖ-ਵੱਖ ਰਸਤਿਆਂ ਤੋਂ ਚੱਲਦੇ ਹੋਏ ਇੱਕ ਹੀ ਪ੍ਰਸ਼ਨ ‘ਤੇ ਪਹੁੰਚਦੇ ਹਨ- ਕੀ ਅਸੀਂ ਵੰਡ ਤੋਂ ਕੁਝ ਸਿੱਖਿਆ?
ਇਹੀ ਉਹ ਬਿੰਦੂ ਹੈ, ਜਿੱਥੇ ਵੰਡ ਸਾਡੇ ਲਈ ਇਤਿਹਾਸ ਦੀ ਇੱਕ ਤਾਰੀਖ਼ ਮਾਤਰ ਨਹੀਂ ਰਹਿ ਜਾਂਦੀ। ਵੰਡ ਇੱਕ ਚੇਤਾਵਨੀ ਬਣ ਜਾਂਦੀ ਹੈ। ਉਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਕਿਸੇ ਸਮਾਜ ਦਾ ਨਿਘਾਰ ਹਮੇਸ਼ਾ ਅਚਾਨਕ ਨਹੀਂ ਹੁੰਦਾ। ਉਹ ਭਾਸ਼ਾ ਤੋਂ ਸ਼ੁਰੂ ਹੁੰਦਾ ਹੈ। ਫਿਰ ਯਾਦਾਂ ਨੂੰ ਬਦਲਿਆ ਜਾਂਦਾ ਹੈ। ਫਿਰ ਗੁਆਂਢੀ ਸ਼ੱਕ ਦਾ ਪਾਤਰ ਬਣਦਾ ਹੈ ਅਤੇ ਫਿਰ ਨਾਗਰਿਕਾਂ ਵਿਚਕਾਰ ਬਰਾਬਰੀ ਦੀ ਥਾਂ ਵਫ਼ਾਦਾਰੀ ਦੇ ਸਬੂਤ ਮੰਗੇ ਜਾਣ ਲੱਗਦੇ ਹਨ। ਅਤੇ ਅੰਤ ਵਿੱਚ ਇੱਕ ਅਜਿਹਾ ਸਮਾਜ ਤਿਆਰ ਹੁੰਦਾ ਹੈ, ਜਿੱਥੇ ਮਨੁੱਖ ਨੂੰ ਪਹਿਲਾਂ ਉਸ ਦੀ ਸਮਾਜਿਕ ਪਛਾਣ ਨਾਲ ਦੇਖਿਆ ਜਾਂਦਾ ਹੈ ਅਤੇ ਬਾਅਦ ਵਿੱਚ ਮਨੁੱਖ ਦੇ ਰੂਪ ਵਿੱਚ।
ਵਾਪਸ ਆਉਣ ‘ਤੇ ਉਹ ਵੀ ਪੁੱਛਦੇ ਕਿ ਕੀ ਇੱਕ ਲੋਕਤੰਤਰ ਵਿੱਚ ਕਿਸੇ ਨਾਗਰਿਕ ਨੂੰ ਵਾਰ-ਵਾਰ ਇਹ ਸਾਬਤ ਕਰਨ ਦੀ ਲੋੜ ਹੋਣੀ ਚਾਹੀਦੀ ਹੈ ਕਿ ਉਹ ਇਸ ਦੇਸ਼ ਦਾ ਓਨਾ ਹੀ ਨਾਗਰਿਕ ਹੈ, ਜਿੰਨਾ ਕੋਈ ਦੂਜਾ? ਕੀ ਕਿਸੇ ਭਾਈਚਾਰੇ ਦੀ ਵਫ਼ਾਦਾਰੀ ਹਰ ਕੁਝ ਸਾਲਾਂ ਵਿੱਚ ਫਿਰ ਤੋਂ ਪ੍ਰਮਾਣਿਤ ਕੀਤੀ ਜਾਣੀ ਚਾਹੀਦੀ ਹੈ? ਕੀ ਬਹੁਗਿਣਤੀ ਦੀ ਉਦਾਰਤਾ ਨੂੰ ਘੱਟਗਿਣਤੀ ਦੀ ਸੁਰੱਖਿਆ ਦਾ ਆਧਾਰ ਬਣਾਇਆ ਜਾ ਸਕਦਾ ਹੈ? ਜਾਂ ਬਰਾਬਰੀ ਦਾ ਨਾਗਰਿਕ ਅਧਿਕਾਰ ਕਿਸੇ ਮਿਹਰਬਾਨੀ ਦਾ ਨਤੀਜਾ ਨਹੀਂ, ਸੰਵਿਧਾਨ ਦਾ ਵਾਅਦਾ ਹੈ? ਮੰਟੋ ਸ਼ਾਇਦ ਇਸ ਪੂਰੀ ਬਹਿਸ ਨੂੰ ਦੇਖ ਕੇ ਫਿਰ ਮੁਸਕੁਰਾਉਂਦੇ। ਉਨ੍ਹਾਂ ਨੂੰ ਸ਼ਾਇਦ ਹੈਰਾਨੀ ਹੁੰਦੀ ਕਿ ਅੱਜ ਵੀ ਅਸੀਂ ਇਹ ਤੈਅ ਕਰਨ ਵਿੱਚ ਲੱਗੇ ਹਾਂ ਕਿ ਕੌਣ ਕਿੰਨਾ ਦੇਸ਼ ਭਗਤ ਹੈ? ਉਹ ਸ਼ਾਇਦ ਕਹਿੰਦੇ, ‘ਜਿਸ ਮੁਲਕ ਨੂੰ ਆਪਣੇ ਨਾਗਰਿਕਾਂ ਤੋਂ ਵਾਰ-ਵਾਰ ਉਨ੍ਹਾਂ ਦੀ ਦੇਸ਼ ਭਗਤੀ ਦਾ ਸਬੂਤ ਮੰਗਣਾ ਪਵੇ, ਉਸ ਨੂੰ ਆਪਣੇ ਨਾਗਰਿਕਾਂ ਨਾਲੋਂ ਵੱਧ ਆਪਣੇ ਆਪ ‘ਤੇ ਭਰੋਸਾ ਕਰਨ ਦੀ ਲੋੜ ਹੈ।
‘ਸ਼ਾਇਦ ਮੰਟੋ, ਬੇਦੀ, ਅੰਮ੍ਰਿਤਾ ਅਤੇ ਰਾਹੀ ਅੱਜ ਪਰਤ ਕੇ ਬੱਸ ਇੰਨਾ ਹੀ ਕਹਿੰਦੇ ਕਿ ਧਰਮ, ਜਾਤ, ਭਾਸ਼ਾ ਅਤੇ ਭਾਈਚਾਰਾ ਸਾਡੀ ਪਛਾਣ ਹੋ ਸਕਦੇ ਹਨ, ਪਰ ਮਨੁੱਖ ਦੀ ਅੰਤਿਮ ਪਛਾਣ ਨਹੀਂ।
■ ਮਨੋਜ ਕੁਮਾਰ ਝਾਅ
(ਲੇਖਕ ਰਾਜ ਸਭਾ ਮੈਂਬਰ ਹਨ ਅਤੇ ਇਹ ਉਨ੍ਹਾਂ ਦੇ ਆਪਣੇ ਵਿਚਾਰ ਹਨ)





