ਆਨੰਦ ਕੁਮਾਰ ਦਾ ਆਈ.ਆਈ.ਟੀ. ਦਾ ‘ਸੁਪਰ 30’ ਕ੍ਰਿਸ਼ਮਾ

ਪ੍ਰੋ. ਸ਼ੋਇਬ ਜ਼ਫ਼ਰ

ਪਟਨਾ (ਬਿਹਾਰ) ਦੇ  ਆਨੰਦ ਕੁਮਾਰ ਨੇ ਆਪਣੀ ਮਿਹਨਤ ਅਤੇ ਜਜ਼ਬੇ ਰਾਹੀਂ ਬਿਹਾਰ ਦਾ ਨਾਂ ਸਮੁੱਚੀ ਦੁਨੀਆਂ ਵਿਚ ਰੌਸ਼ਨ ਕਰ ਦਿੱਤਾ ਹੈ। ਗਰੀਬ ਤੇ ਜ਼ਰੂਰਤਮੰਦ ਪਰ ਹੁਸ਼ਿਆਰ ਵਿਦਿਆਰਥੀਆਂ ਨੂੰ ਇੰਜੀਨਿਅਰਿੰਗ ਦੀ ਮੁਫ਼ਤ ਕੋਚਿੰਗ ਪ੍ਰਦਾਨ ਕਰਨ ਵਾਲੇ ਇਸ ਵਿਅਕਤੀ  ਦੇ ‘ਸੁਪਰ 30’ ਪ੍ਰੋਗਰਾਮ ਵਿਚ ਇਕ ਦਹਾਕੇ ਵਿਚ ਹੀ ਸੈਂਕੜੇ ਵਿਦਿਆਰਥੀ ਵਿਸ਼ਵ ਪ੍ਰਸਿੱਧ ਅਤੇ ਮਾਣਮੱਤੀ ਆਈ.ਆਈ.ਟੀ. ਸੰਸਥਾਵਾਂ ਦੀਆਂ ਵੱਖ ਵੱਖ ਬਰਾਂਚਾਂ ਵਿਚ ਦਾਖਲ ਹੋ ਚੁੱਕੇ ਹਨ। ਉਹਨਾਂ ਵਿੱਚੋਂ ਬਹੁਤੇ ਵੱਡੀਆਂ ਵੱਡੀਆਂ ਬਹੁ-ਰਾਸ਼ਟਰੀ, ਸਰਕਾਰੀ ਅਤੇ ਗ਼ੈਰ ਸਰਕਾਰੀ ਕੰਪਨੀਆਂ ਵਿਚ ਉੱਚੇ ਅਹੁਦਿਆਂ ‘ਤੇ ਤਾਇਨਾਤ ਹਨ।  ਆਨੰਦ ਕੁਮਾਰ ਹਰ ਸਾਲ ਇਹਨਾਂ 30 ਬੱਚਿਆਂ ਦੀ ਚੋਣ ਬੜੇ ਧਿਆਨ ਨਾਲ ਕਰਦਾ ਹੈ। ਇਸ ਵਰ੍ਹੇ ਦਾਖਲੇ ਲਈ  ਸਾਰੇ  ਦੇਸ਼ ਵਿੱਚੋਂ ਲਗਭਗ 5100 ਵਿਦਿਆਰਥੀਆਂ ਨੇ ਅਪਲਾਈ ਕੀਤਾ ਸੀ। ਆਨੰਦ ਕੁਮਾਰ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸਿਰਫ਼ ਉਹਨਾਂ ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇ ਜਿਹੜੇ ਵਿਦਿਆਰਥੀ  ਵੱਡੇ-ਵੱਡੇ ਕੋਚਿੰਗ ਸੰਸਥਾਵਾਂ ਵਿਚ ਮੋਟੀਆਂ ਫੀਸਾਂ ਨਹੀਂ ਦੇ ਸਕਦੇ। ਉਸ ਦੇ ਚੁਣੇ ਹੋਏ ਬਹੁਤੇ ਵਿਦਿਆਰਥੀ ਰਿਕਸ਼ਾ ਚਾਲਕਾਂ, ਖੇਤ ਮਜ਼ਦੂਰਾਂ, ਰੇਹੜੀ ਵਾਲਿਆਂ ਅਤੇ ਭੱਠਾ ਮਜ਼ਦੂਰਾਂ ਆਦਿ ਦੇ ਬੱਚੇ ਹੁੰਦੇ ਹਨ। ਸਾਰੀ ਕੋਚਿੰਗ ਮੁਫ਼ਤ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਮਟੀਰੀਅਲ ਵੀ ਸੰਸਥਾਨ ਵੱਲੋਂ ਮੁਫ਼ਤ ਦਿੱਤਾ ਜਾਂਦਾ ਹੈ। ਆਨੰਦ ਦੀ ਮਾਂ ਜਯੰਤੀ ਦੇਵੀ ਸਾਰੇ 30 ਬੱਚਿਆਂ ਦਾ ਖਾਣਾ ਆਪ ਬਣਾਉਂਦੀ ਹੈ। ਆਨੰਦ ਕੁਮਾਰ ਨੂੰ ਇਸ ਕਾਰਜ ਲਈ ਕਿਸੇ ਵੀ ਸਰਕਾਰੀ ਜਾਂ ਗ਼ੈਰ ਸਰਕਾਰੀ ਸੰਸਥਾ ਦੁਆਰਾ ਕੋਈ ਵਿੱਤੀ ਮਦਦ ਨਹੀਂ ਮਿਲਦੀ।
     ਸਰਕਾਰੀ ਸਕੂਲ ਵਿਚ ਹਿੰਦੀ ਮੀਡੀਅਮ ਰਾਹੀਂ ਸਿੱਖਿਆ ਹਾਸਲ ਕਰਨ ਵਾਲਾ ਆਨੰਦ ਕੁਮਾਰ ਬਚਪਨ ਤੋਂ ਹੀ  ਹਿਸਾਬ ਵਿਸ਼ੇ ਵਿਚ ਬੇਹੱਦ ਹੁਸ਼ਿਆਰ ਸੀ। ਛੋਟੀ ਉਮਰ ਵਿਚ ਹੀ ਪਿਤਾ ਦੀ ਅਚਾਨਕ ਮੌਤ ਹੋ ਜਾਣ ਕਾਰਨ ਪਰਿਵਾਰ ‘ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ। ਆਨੰਦ ਕੁਮਾਰ ਦਿਨ ਵਿਚ ਛੋਟੇ ਬੱਚਿਆਂ ਦੀ ਟਿਊਸ਼ਨ ਕਰਦਾ ਅਤੇ ਸ਼ਾਮ ਵੇਲੇ ਆਪਣੀ ਮਾਂ ਨਾਲ ਪਟਨੇ ਦੀਆਂ ਗਲੀਆਂ ਵਿਚ ਪਾਪੜ ਵੇਚਣ ਚਲਾ ਜਾਂਦਾ। ਇਸ ਨਾਲ ਉਸ ਦੀ ਪੜ੍ਹਾਈ ‘ਤੇ ਵੀ ਬੜਾ ਮਾੜਾ ਪ੍ਰਭਾਵ ਪਿਆ। ਆਖੀਰ ਉਸਨੂੰ ਪੜ੍ਹਾਈ ਵਿੱਚੇ ਛੱਡ ਕੇ ਪਰਿਵਾਰ ਦੀ ਦੇਖ ਭਾਲ ਲਈ ਪੂਰਾ ਸਮਾਂ ਛੋਟੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਦਾ ਕੰਮ ਕਰਨਾ ਪਿਆ।
ਸਾਲ 2003 ਵਿਚ ਆਨੰਦ ਕੁਮਾਰ ਨੇ  ਗਰੀਬ ਅਤੇ ਲੋੜਵੰਦ ਪਰ ਹੁਸ਼ਿਆਰ ਬੱਚਿਆਂ ਲਈ ‘ਸੁਪਰ 30’ ਨਾਂ ਦਾ ਇੱਕ ਟਿਊਸ਼ਨ ਪ੍ਰੋਗਰਾਮ ਸ਼ੁਰੂ ਕੀਤਾ। ਇਸ ਦੀ ਸਫਲਤਾ ਦਾ ਇੱਥੋਂ ਪਤਾ ਚਲਦਾ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਉਸ ਦੇ ਤੀਹ ਦੇ ਤੀਹ ਬੱਚੇ ਚੁਣੇ ਜਾ ਰਹੇ ਹਨ। ਆਨੰਦ ਇਹ ਮੰਨਦਾ ਹੈ ਕਿ ਗਰੀਬੀ ਅਤੇ ਅਗਿਆਨਤਾ ਦੇ ਕਾਰਨ ਬਹੁਤ ਸਾਰੇ ਹੁਸ਼ਿਆਰ ਬੱਚੇ ਵੱਡੀਆਂ ਪ੍ਰਤੀਯੋਗਤਾਵਾਂ ਵਿਚ ਆਉਣੋਂ ਰਹਿ ਜਾਂਦੇ ਹਨ। ਜੇ ਕਰ ਉਹਨਾਂ ਨੂੰ ਇਸ ਟਾਇਮ ‘ਤੇ ਸਹੀ ਸਹਾਰਾ ਅਤੇ ਮਾਰਗ ਦਰਸ਼ਨ ਮਿਲੇ ਤਾਂ ਉਹ ਵੀ ਜ਼ਿੰਦਗੀ ਵਿਚ ਉੱਚੇ ਮੁਕਾਮ ਹਾਸਲ ਕਰ ਸਕਦੇ ਹਨ। ਅੱਜ ਆਨੰਦ ਕੁਮਾਰ ਦਾ ‘ਸੁਪਰ 30’ ਲੱਖਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਇਕ ਜ਼ਰੀਆ ਬਣ ਗਿਆ ਹੈ। ਆਨੰਦ ਕੁਮਾਰ ਦੀ ਇਹ ਕੋਸ਼ਿਸ਼ ਸਰਕਾਰ ਅਤੇ ਵੱਡੀਆਂ ਵੱਡੀਆਂ ਸਵੈ-ਘੋਸ਼ਿਤ  ਪਰਉਪਕਾਰੀ ਸੰਸਥਾਵਾਂ ਲਈ ਇਕ ਵੰਗਾਰ ਹੈ।

Leave a Comment

Your email address will not be published. Required fields are marked *