
ਪਟਿਆਲਾ, 31 ਅਗਸਤ: ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੇ ਤਿੱਖੇ ਵਿਰੋਧ ਅਤੇ ਲਗਾਤਾਰ ਚੱਲ ਰਹੇ ਸੰਘਰਸ਼ ਅੱਗੇ ਝੁਕਦਿਆਂ ਹਾਲ ਹੀ ਵਿੱਚ ਕੀਤਾ ਸਮੁੱਚਾ ਫੀਸ ਵਾਧਾ ਪੂਰਨ ਤੌਰ ‘ਤੇ ਵਾਪਸ ਲੈਣ ਦਾ ਐਲਾਨ ਕੀਤਾ ਹੈ। ਪਿਛਲੇ ਤਿੰਨ ਹਫ਼ਤਿਆਂ ਤੋਂ ਅੱਧੀ ਦਰਜਨ ਤੋਂ ਵੱਧ ਖੱਬੇ-ਪੱਖੀ ਵਿਦਿਆਰਥੀ ਜਥੇਬੰਦੀਆਂ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਪੱਕਾ ਮੋਰਚਾ ਲਾਇਆ ਹੋਇਆ ਸੀ। 31 ਅਗਸਤ ਤੋਂ ਵੀ.ਸੀ. ਦਫ਼ਤਰ ਨੂੰ ਮੁਕੰਮਲ ਤੌਰ ‘ਤੇ ਬੰਦ ਕਰਨ ਦੇ ਦਿੱਤੇ ਸੱਦੇ ਦਰਮਿਆਨ, ਦਿਨ ਭਰ ਚੱਲੀਆਂ ਲਗਾਤਾਰ ਮੀਟਿੰਗਾਂ ਤੋਂ ਬਾਅਦ ਪ੍ਰਸ਼ਾਸਨ ਅਤੇ ਵਿਦਿਆਰਥੀਆਂ ਵਿਚਾਲੇ ਸਹਿਮਤੀ ਬਣ ਗਈ, ਜਿਸ ਤੋਂ ਬਾਅਦ ਵਾਧਾ ਰੱਦ ਕਰਨ ਦਾ ਇਹ ਅਹਿਮ ਫੈਸਲਾ ਸਾਹਮਣੇ ਆਇਆ।
ਇਸ ਸੰਘਰਸ਼ ਦੌਰਾਨ ਯੂਨੀਵਰਸਿਟੀ ਵੱਲੋਂ ਫੀਸ ਵਾਧਾ ਘਟਾ ਕੇ 7.5 ਫੀਸਦੀ ਕਰਨ ਦੀ ਤਜਵੀਜ਼ ਵੀ ਰੱਖੀ ਗਈ ਸੀ, ਪਰ ਸੰਘਰਸ਼ਸ਼ੀਲ ਵਿਦਿਆਰਥੀ ਆਗੂ ਇਸ ਵਾਧੇ ਨੂੰ ਪੂਰੀ ਤਰ੍ਹਾਂ ਰੱਦ ਕਰਵਾਉਣ ‘ਤੇ ਅੜੇ ਹੋਏ ਸਨ। ਇਸ ਪ੍ਰਦਰਸ਼ਨ ਵਿੱਚ ਪੀ.ਐੱਸ.ਯੂ. (ਲਲਕਾਰ) ਤੋਂ ਦਿਲਪ੍ਰੀਤ ਕੌਰ, ਪੀ.ਐੱਸ.ਯੂ. ਤੋਂ ਵਕਸ਼ਿਤ ਗਰਗ, ਐੱਸ.ਐੱਫ.ਆਈ. ਤੋਂ ਰਮਨਦੀਪ ਸਿੰਘ, ਪੀ.ਐੱਸ.ਐੱਫ. ਤੋਂ ਗਗਨ, ਏ.ਆਈ.ਐੱਸ.ਐੱਫ. ਤੋਂ ਰਾਹੁਲ, ਡੀ.ਐੱਸ.ਓ. ਤੋਂ ਪਾਰਸ, ਅਗਰਗਾਮੀ ਤੋਂ ਵਿਕਾਸ ਅਦਮ, ਅਤੇ ਪੀ.ਆਰ.ਐੱਸ.ਯੂ. ਤੋਂ ਕੇਸ਼ਵ ਸਮੇਤ ਹਰਪ੍ਰੀਤ ਸਿੰਘ ਤੇ ਕਮਲਦੀਪ ਸਿੰਘ ਨੇ ਮੁੱਖ ਭੂਮਿਕਾ ਨਿਭਾਈ।
ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਦੱਸਿਆ ਕਿ ਵਿਦਿਆਰਥੀਆਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਅਕਾਦਮਿਕ ਸੈਸ਼ਨ 2026-27 ਲਈ ਟਿਊਸ਼ਨ ਫੀਸ, ਕੋਰਸ ਫੀਸ, ਰਜਿਸਟਰੇਸ਼ਨ ਫੀਸ ਅਤੇ ਹੋਸਟਲ ਫੀਸਾਂ ਵਿੱਚ ਕੀਤਾ ਗਿਆ ਸਾਰਾ ਵਾਧਾ ਵਾਪਸ ਲੈ ਲਿਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਯੂਨੀਵਰਸਿਟੀ ਖੇਤਰ ਦੇ ਲੋਕਾਂ ਨੂੰ ਕਿਫ਼ਾਇਤੀ ਉੱਚ ਸਿੱਖਿਆ ਦੇਣ ਲਈ ਵਚਨਬੱਧ ਹੈ, ਇਸ ਲਈ ਨਵੇਂ ਸੈਸ਼ਨ ਦਾ ਫੀਸ ਢਾਂਚਾ ਪਿਛਲੇ ਸੈਸ਼ਨ ਵਾਲਾ ਹੀ ਜਿਉਂ ਦਾ ਤਿਉਂ ਬਰਕਰਾਰ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਯੂਨੀਵਰਸਿਟੀ ਇਸ ਸਮੇਂ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ, ਪਰ ਫਿਰ ਵੀ ਵਿਦਿਆਰਥੀਆਂ ਦੀ ਭਲਾਈ ਅਤੇ ਅਕਾਦਮਿਕ ਭਵਿੱਖ ਨੂੰ ਸਭ ਤੋਂ ਵੱਡੀ ਤਰਜੀਹ ਦਿੱਤੀ ਗਈ ਹੈ।





