ਐੱਸ. ਡੀ. ਕਾਲਜ ਬਰਨਾਲਾ ਦੇ ਮੁਫ਼ਤ ਪੁਲਿਸ ਸਿਖਲਾਈ ਕੈਂਪ ਦੇ 7 ਹੋਣਹਾਰ ਨੌਜਵਾਨ ਪੁਲਿਸ ਵਿਭਾਗ ‘ਚ ਨਿਯੁਕਤ

ਬਰਨਾਲਾ, 27 ਅਗਸਤ: ਐੱਸ. ਡੀ. ਕਾਲਜ, ਬਰਨਾਲਾ ਵਿਖੇ ਚਲਾਏ ਜਾ ਰਹੇ ਮੁਫ਼ਤ ਪੁਲਿਸ ਸਿਖਲਾਈ ਕੈਂਪ ਦੇ 7 ਸਿੱਖਿਆਰਥੀਆਂ ਨੇ ਲਿਖਤੀ ਅਤੇ ਫਿਜ਼ੀਕਲ ਪ੍ਰੀਖਿਆਵਾਂ ਸ਼ਾਨਦਾਰ ਅੰਕਾਂ ਨਾਲ ਪਾਸ ਕਰਕੇ ਪੁਲਿਸ ਵਿਭਾਗ ਵਿੱਚ ਆਪਣਾ ਸਥਾਨ ਪੱਕਾ ਕੀਤਾ ਹੈ। ਕੈਂਪ ਇੰਚਾਰਜ ਪ੍ਰੋ. ਬਲਵਿੰਦਰ ਕੁਮਾਰ ‘ਬਿੱਟੂ’ ਦੀ ਦੇਖਰੇਖ ਹੇਠ ਪਿਛਲੇ ਡੇਢ ਦਹਾਕੇ ਤੋਂ ਚੱਲ ਰਹੇ ਇਸ ਸਿਖਲਾਈ ਕੇਂਦਰ ਵਿੱਚ ਨੌਜਵਾਨਾਂ ਨੂੰ ਲਿਖਤੀ ਅਤੇ ਸਰੀਰਕ ਪ੍ਰੀਖਿਆਵਾਂ ਦੀ ਮੁਫ਼ਤ ਤਿਆਰੀ ਕਰਵਾਈ ਜਾਂਦੀ ਹੈ।

ਨਿਯੁਕਤੀ ਹਾਸਲ ਕਰਨ ਵਾਲੇ ਇਹਨਾਂ ਨੌਜਵਾਨਾਂ ਵਿੱਚ ਗੋਲਡੀ, ਸੁੱਖੀ, ਸ਼ਿਵਾਨੀ, ਕੋਮਲ (ਸਾਰੇ ਬਰਨਾਲਾ), ਨਵਦੀਪ ਕੌਰ, ਮਨਪ੍ਰੀਤ ਕੌਰ (ਦੋਵੇਂ ਚੰਨਣਵਾਲ) ਅਤੇ ਦਵਿੰਦਰ ਸਿੰਘ (ਆਲੀਕੇ) ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਸ ਸੈਂਟਰ ਤੋਂ ਸਿਖਲਾਈ ਪ੍ਰਾਪਤ ਕਰਕੇ ਪਹਿਲਾਂ ਵੀ ਸੈਂਕੜੇ ਨੌਜਵਾਨ ਪੁਲਿਸ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ।

ਇਸ ਮਾਣਮੱਤੀ ਪ੍ਰਾਪਤੀ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕੈਂਪ ਇੰਚਾਰਜ ਪ੍ਰੋ. ਬਲਵਿੰਦਰ ਕੁਮਾਰ ‘ਬਿੱਟੂ’ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਇਲਾਕੇ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇ ਕੇ ਆਤਮ-ਨਿਰਭਰ ਬਣਾਉਣਾ ਅਤੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇ ਯੋਗ ਬਣਾਉਣਾ ਹੈ। ਸਿੱਖਿਆਰਥੀਆਂ ਦੀ ਇਹ ਸਫ਼ਲਤਾ ਉਹਨਾਂ ਦੀ ਅਣਥੱਕ ਮਿਹਨਤ ਅਤੇ ਦ੍ਰਿੜ੍ਹ ਲਗਨ ਦਾ ਨਤੀਜਾ ਹੈ। ਭਵਿੱਖ ਵਿੱਚ ਵੀ ਇਹ ਮੁਫ਼ਤ ਸਿਖਲਾਈ ਕੈਂਪ ਇਸੇ ਤਰ੍ਹਾਂ ਜਾਰੀ ਰਹੇਗਾ ਤਾਂ ਜੋ ਹੋਰ ਵੀ ਨੌਜਵਾਨ ਆਪਣੇ ਸੁਪਨੇ ਪੂਰੇ ਕਰ ਕੇ ਸਮਾਜ ਦੀ ਸੇਵਾ ਕਰ ਸਕਣ।

ਇਸ ਪ੍ਰਾਪਤੀ ਤੇ ਐੱਸ. ਡੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਨਰੇਸ਼ ਕੁਮਾਰ ਸਿੰਗਲਾ, ਉਪ ਪ੍ਰਧਾਨ ਸ਼੍ਰੀ ਰਾਹੁਲ ਅੱਤਰੀ, ਜਨਰਲ ਸਕੱਤਰ ਸ਼੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ਼੍ਰੀ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਅਤੇ ਜੁਆਇੰਟ ਵਿੱਤ ਸਕੱਤਰ ਡਾ. ਰਾਹੁਲ ਗਾਰਗੀ ਨੇ ਸਫ਼ਲ ਹੋਏ ਨੌਜਵਾਨਾਂ ਅਤੇ ਪ੍ਰੋ. ਬਿੱਟੂ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟਾਈ ਕਿ ਇਹ ਨੌਜਵਾਨ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਦੇਸ਼ ਤੇ ਸਮਾਜ ਦੀ ਸੇਵਾ ਕਰਨਗੇ।

Leave a Comment

Your email address will not be published. Required fields are marked *