


ਬਾਰਨਾਲਾ, 26 ਅਗਸਤ: ਐੱਸ. ਡੀ. ਕਾਲਜ ਦੇ ਫਿਜ਼ਿਕਸ ਵਿਭਾਗ ਵਲੋਂ ਕਰੀਅਰ ਐਂਡ ਗਾਈਡੈਂਸ ਸੈੱਲ ਅਤੇ ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ ਦੇ ਸਹਿਯੋਗ ਨਾਲ “ਬਿਲਡਿੰਗ ਯੂਅਰ ਜਰਨੀ: ਫ੍ਰੌਮ ਬੀ.ਐੱਸ.ਸੀ. ਟੂ ਅ ਸਕਸੈੱਸਫੁਲ ਕਰੀਅਰ” ਵਿਸ਼ੇ ਉੱਤੇ ਇੱਕ ਵਿਸ਼ੇਸ਼ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਪੋਲੈਂਡ ਦੀ ਜੈਗੀਲੋਨੀਅਨ ਯੂਨੀਵਰਸਿਟੀ ਦੇ ਖੋਜਾਰਥੀ ਭਵਨੇਸ਼ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਅਤੇ ਬੀ.ਐੱਸ.ਸੀ. ਨਾਨ-ਮੈਡੀਕਲ ਦੇ ਲਗਭਗ 90 ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਰਚਾਇਆ। ਸਮਾਗਮ ਦੇ ਕੋਆਰਡੀਨੇਟਰ ਡਾ. ਮਨੋਜ ਕੁਮਾਰ ਗੁਪਤਾ ਨੇ ਮੁੱਖ ਵਕਤਾ ਦਾ ਸਵਾਗਤ ਕਰਦਿਆਂ ਉਨ੍ਹਾਂ ਦੇ ਅਕਾਦਮਿਕ ਸਫ਼ਰ ਅਤੇ ਸੈਸ਼ਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਕਾਲਜ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਗ੍ਰੈਜੂਏਸ਼ਨ ਦਾ ਸਮਾਂ ਹੀ ਭਵਿੱਖ ਦੀ ਨੀਂਹ ਰੱਖਣ ਲਈ ਸਭ ਤੋਂ ਢੁੱਕਵਾਂ ਹੁੰਦਾ ਹੈ, ਇਸ ਲਈ ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਲਈ ਉਪਲਭਧ ਮੌਕਿਆਂ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ।ਆਪਣੀ ਗੱਲਬਾਤ ਦੌਰਾਨ ਭਵਨੇਸ਼ ਨੇ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਅੱਗੇ ਵਧ ਕੇ ‘ਲਰਨ, ਐਕਸਪਲੋਰ, ਐਕਸਪੈਰੀਮੈਂਟ, ਪ੍ਰੈਜ਼ੈਂਟ ਅਤੇ ਕਨੈਕਟ’ ਦੀ ਪੰਜ-ਪੜਾਵੀ ਰਣਨੀਤੀ ਅਪਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਮਜ਼ਬੂਤ ਪ੍ਰੋਫਾਈਲ ਬਣਾਉਣ ਲਈ ਅਕਾਦਮਿਕ ਪ੍ਰਦਰਸ਼ਨ ਦੇ ਨਾਲ-ਨਾਲ ਪਾਈਥਨ, ਸੀ++, ਡਾਟਾ ਐਨਾਲਿਸਿਸ, ਸਿਮੂਲੇਸ਼ਨ ਅਤੇ ਲੇਟੈਕਸ ਵਰਗੇ ਤਕਨੀਕੀ ਹੁਨਰਾਂ ਨੂੰ ਜ਼ਰੂਰੀ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਸ਼ਟਰੀ ਪੱਧਰ ਦੀਆਂ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ, ਗੂਗਲ ਸਕਾਲਰ ਰਾਹੀਂ ਵਿਦੇਸ਼ੀ ਯੂਨੀਵਰਸਿਟੀਆਂ ਤੇ ਰਿਸਰਚ ਗਰੁੱਪਾਂ ਦੀ ਚੋਣ ਕਰਨ ਅਤੇ ਸਕਾਲਰਸ਼ਿਪਾਂ ਪ੍ਰਾਪਤ ਕਰਨ ਦੇ ਸੁਚੱਜੇ ਤਰੀਕੇ ਵੀ ਸਾਂਝੇ ਕੀਤੇ।
ਸਮਾਗਮ ਦੇ ਅੰਤ ਵਿੱਚ ਫਿਜ਼ਿਕਸ ਵਿਭਾਗ ਦੇ ਮੁਖੀ ਡਾ. ਬਲਤੇਜ ਸਿੰਘ ਨੇ ਮੁੱਖ ਬੁਲਾਰੇ ਦਾ ਧੰਨਵਾਦ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੋ. ਅਸ਼ਵਨੀ ਸੀਕਰੀ, ਡਾ. ਸੰਜੇ ਕੁਮਾਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਰਜਨੀ ਗੁਪਤਾ, ਪ੍ਰੋ. ਉਪਾਸਨਾ, ਪ੍ਰੋ. ਖੁਸ਼ਬੂ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ, ਜਦਕਿ ਤਕਨੀਕੀ ਪ੍ਰਬੰਧ ਸ਼੍ਰੀ ਹਿੰਮਤਪਾਲ ਸਿੰਘ ਦੁਆਰਾ ਨਿਭਾਏ ਗਏ।







