ਬਰਨਾਲਾ 16 ਅਗਸਤ: ਐੱਸ ਡੀ ਕਾਲਜ ਕੈਂਪਸ ਵਿਖੇ ਭਾਰਤ ਦਾ 80ਵਾਂ ਸੁਤੰਤਰਤਾ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਐੱਨ.ਐੱਸ.ਐੱਸ ਵਿਭਾਗ ਦੀ ਅਗਵਾਈ ਅਤੇ ਖੇਡ ਵਿਭਾਗ ਤੇ ਐਨਸੀਸੀ ਵਿਭਾਗ ਦੇ ਸਹਿਯੋਗ ਨਾਲ ਮਨਾਏ ਗਏ ਇਸ ਦਿਹਾੜੇ ‘ਤੇ ਐੱਸ ਡੀ ਕਾਲਜ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸ਼੍ਰੀ ਨਰੇਸ਼ ਕੁਮਾਰ ਸਿੰਗਲਾ ਵੱਲੋਂ ਰਾਸ਼ਟਰੀ ਝੰਡੇ ਦੀ ਸਲਾਮੀ ਲੈਣ ਤੋਂ ਬਾਅਦ ਦੇਸ਼ ਦੀ ਆਜ਼ਾਦੀ ਵਿਚ ਆਪਣੀਆਂ ਜਾਨਾਂ ਵਾਰ ਦੇਣ ਵਾਲੇ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।।








ਐੱਸ. ਡੀ. ਕਾਲਜ ਦੇ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਮੁਕੱਦਸ ਮੌਕੇ ਸਾਨੂੰ ਦੇਸ਼ ਲਈ ਆਪਣੀ ਜ਼ਿੰਦਗੀ ਦਾਅ ‘ਤੇ ਲਾਉਣ ਵਾਲੇ ਸ਼ਹੀਦਾਂ ਤੋਂ ਸੇਧ ਲੈ ਕੇ ਰਾਸ਼ਟਰ ਨਿਰਮਾਣ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਅਹਿਦ ਕਰਨਾ ਚਾਹੀਦਾ ਹੈ। ਸੰਸਥਾ ਦੇ ਉਪ ਪ੍ਰਧਾਨ ਸ਼੍ਰੀ ਰਾਹੁਲ ਅੱਤਰੀ ਨੇ ਕਿਹਾ ਕਿ ਮਾਲਵੇ ਇਲਾਕੇ ਦੀ ਇਸ ਮਾਣਮੱਤੀ ਸੰਸਥਾ ਦੀ ਨੀਂਹ ਰੱਖਣ ਵਾਲੇ ਬਜ਼ੁਰਗ ਵੀ ਆਜ਼ਾਦੀ ਘੁਲਾਟੀਏ ਸਨ ਅਤੇ ਵਿਦਿਆਰਥੀਆਂ ਨੂੰ ਸਾਡੀਆਂ ਇਹਨਾਂ ਸ਼ਖਸੀਅਤਾਂ ਤੋਂ ਸੇਧ ਲੈ ਕੇ ਮੁਲਕ ਦੀ ਤਰੱਕੀ ਲਈ ਕੰਮ ਕਰਨਾ ਚਾਹੀਦਾ ਹੈ। ਉਹਨਾਂ ਐਨਐਸਐਸ ਵਿਭਾਗ ਦੇ ਕੋਅਰਡੀਨੇਟਰ ਪ੍ਰੋ਼. ਸ਼ੋਇਬ ਜ਼ਫ਼ਰ ਨੂੰ ਇਸ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚੜ੍ਹਾਉਣ ‘ਤੇ ਵਧਾਈ ਦਿੱਤੀ।



ਇਸ ਮੌਕੇ ਵਿਦਿਆਰਥੀਆਂ ਨੂੰ ਭਾਰਤ ਦੀ ਆਜ਼ਾਦੀ ਨਾਲ ਸਬੰਧਤ ਇੱਕ ਵਿਸ਼ੇਸ਼ ਡਾਕੂਮੈਂਟਰੀ ਵੀ ਦਿਖਾਈ ਗਈ ਅਤੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। ਇਸ ਦੌਰਾਨ ਪ੍ਰਬੰਧਕ ਕਮੇਟੀ ਦੇ ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ, ਮੈਂਬਰ ਐਡਵੋਕੇਟ ਭੂਸ਼ਣ ਕੁਮਾਰ, ਸ਼੍ਰੀਮਤੀ ਕਿਰਨ ਬਾਲਾ, ਸਾਰੀਆਂ ਸੰਸਥਾਵਾਂ ਦੇ ਪ੍ਰਿੰਸੀਪਲ ਸਾਹਿਬਾਨ ਤੋਂ ਇਲਾਵਾ ਸਮੁੱਚਾ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।
ਅੰਤ ਵਿਚ ਖੇਡ ਵਿਭਾਗ ਦੇ ਮੁਖੀ ਡਾ. ਬਹਾਦਰ ਸਿੰਘ ਨੇ ਧੰਨਵਾਦੀ ਸ਼ਬਦ ਕਹੇ। ਸਮੁੱਚੇ ਸਮਾਗਮ ਦਾ ਸੰਚਾਲਨ ਡਾ. ਸੀਮਾ ਸ਼ਰਮਾ ਦੁਆਰਾ ਬੇਹੱਦ ਖ਼ੂਬਸੂਰਤੀ ਨਾਲ ਕੀਤਾ ਗਿਆ।








