ਪਾਕਿਸਤਾਨ ਵਿੱਚ 125 ਸਾਲ ਪੁਰਾਣਾ ਹਿੰਦੂ ਮੰਦਰ ‘ਢਾਹਿਆ’, ਸਰਕਾਰ ਦਾ ਦਾਅਵਾ—ਭਾਰੀ ਮੀਂਹ ਕਾਰਨ ਡਿੱਗਿਆ ਇੱਕ ਹਿੱਸਾ

ਨਵੀਂ ਦਿੱਲੀ, 2 ਸਤੰਬਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਪਿਛਲੇ ਹਫ਼ਤੇ 125 ਸਾਲ ਪੁਰਾਣੇ ਇੱਕ ਹਿੰਦੂ ਮੰਦਰ ਨੂੰ ਕਥਿਤ ਤੌਰ ‘ਤੇ ਢਾਹ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਉੱਥੇ ਇੱਕ ਮਦਰੱਸੇ ਲਈ ਜਗ੍ਹਾ ਬਣਾਉਣ ਵਾਸਤੇ ਇਸ ਨੂੰ ਤੋੜਿਆ ਗਿਆ ਹੈ, ਜਿਸ ਨੂੰ ਲੈ ਕੇ ਘੱਟ ਗਿਣਤੀ ਅਧਿਕਾਰ ਸੰਗਠਨਾਂ ਅਤੇ ਸਰਕਾਰੀ ਸੰਸਥਾ ਵਿਚਕਾਰ ਵਿਵਾਦ ਛਿੜ ਗਿਆ ਹੈ। ਦੂਜੇ ਪਾਸੇ, ਸਰਕਾਰ ਨੇ ਇਸ ਕਾਰਵਾਈ ਨੂੰ ਨਕਾਰਦਿਆਂ ਸਾਫ਼ ਕੀਤਾ ਹੈ ਕਿ ਮੰਦਰ ਦਾ ਸਿਰਫ਼ ਇੱਕ ਹਿੱਸਾ ਡਿੱਗਿਆ ਸੀ ਅਤੇ ਉਹ ਵੀ ਭਾਰੀ ਮੀਂਹ ਕਾਰਨ ਹੋਇਆ।

ਘੱਟ ਗਿਣਤੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਪਾਕਿਸਤਾਨ ਮਸੀਹਾ ਮਿਲਤ ਪਾਰਟੀ ਮੁਤਾਬਕ, ਨਰੋਵਾਲ ਜ਼ਿਲ੍ਹੇ ਦੇ ਸਿਰਾਜ ਪਿੰਡ ਵਿੱਚ ਸਥਿਤ ਇਸ ਮੰਦਰ ਨੂੰ 21 ਅਗਸਤ ਨੂੰ ਢਾਹ ਦਿੱਤਾ ਗਿਆ ਸੀ। ਸੰਗਠਨ ਦਾ ਦੋਸ਼ ਹੈ ਕਿ ਮੰਦਰ ਦੇ ਕੋਲ ਸਥਿਤ ਇੱਕ ਧਾਰਮਿਕ ਸਕੂਲ ਦੇ ਵਿਸਤਾਰ ਲਈ ਇਸ ਇਮਾਰਤ ਨੂੰ ਜਾਣਬੁੱਝ ਕੇ ਤੋੜਿਆ ਗਿਆ ਸੀ। ਪ੍ਰਮੁੱਖ ਅਖ਼ਬਾਰ ‘ਡਾਨ’ ਨੇ ਇਸ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਪਾਕਿਸਤਾਨ ਵਿੱਚ ਹਿੰਦੂ ਅਤੇ ਸਿੱਖ ਧਾਰਮਿਕ ਜਾਇਦਾਦਾਂ ਦੀ ਦੇਖਭਾਲ ਕਰਨ ਵਾਲੀ ਸੰਸਥਾ ਈਵੈਕੂਏਟ ਟਰੱਸਟ ਪ੍ਰਪਰਟੀ ਬੋਰਡ (ETPB) ਨੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਮੰਦਰ ਨੂੰ ਢਾਹਿਆ ਨਹੀਂ ਗਿਆ, ਸਗੋਂ ਤੇਜ਼ ਮੀਂਹ ਤੋਂ ਬਾਅਦ ਉਹ ਡਿੱਗ ਪਿਆ ਸੀ।

ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮੰਦਰ ਮੀਂਹ ਕਾਰਨ ਡਿੱਗਿਆ ਸੀ ਨਾ ਕਿ ਇਸ ਨੂੰ ਜਾਣਬੁੱਝ ਕੇ ਢਾਹਿਆ ਗਿਆ। ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਮੰਦਰ ਦੇ ਨੇੜੇ ਦੀ ਜ਼ਮੀਨ ਜ਼ਰੂਰ ਇੱਕ ਧਾਰਮਿਕ ਸਕੂਲ ਨੂੰ ਲੀਜ਼ ‘ਤੇ ਦਿੱਤੀ ਗਈ ਸੀ, ਪਰ ਮੰਦਰ ਦੀ ਆਪਣੀ ਜ਼ਮੀਨ ਕਦੇ ਕਿਸੇ ਨੂੰ ਲੀਜ਼ ‘ਤੇ ਨਹੀਂ ਦਿੱਤੀ ਗਈ। ਘੱਟ ਗਿणਤੀ ਮਾਮਲਿਆਂ ਦੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਵੀ ਮੌਕੇ ਦਾ ਦੌਰਾ ਕਰਕੇ ਪੁਸ਼ਟੀ ਕੀਤੀ ਕਿ ਮੀਂਹ ਕਾਰਨ ਮੰਦਰ ਦਾ ਸਿਰਫ਼ ਇੱਕ ਹਿੱਸਾ ਡਿੱਗਿਆ ਹੈ, ਜਿਸ ਨੂੰ ਸਰਕਾਰ ਮੁੜ ਤਿਆਰ ਕਰਵਾਏਗੀ।

ਘੱਟ ਗਿਣਤੀ ਅਧਿਕਾਰ ਸਮੂਹ ਦੇ ਪ੍ਰਧਾਨ ਅਸਲਮ ਪਰਵੇਜ਼ ਸਾਹੋਤਰਾ ਨੇ ਦੋਸ਼ ਲਾਇਆ ਕਿ ਕੁਝ ਲੋਕਾਂ ਨੇ ਇਸ ਇਮਾਰਤ ਨੂੰ ਤੋੜ ਕੇ ਇੱਥੋਂ ਇੱਟਾਂ ਅਤੇ ਗੁੰਬਦ ਦਾ ਸਾਮਾਨ ਹਟਾ ਦਿੱਤਾ। ਉਨ੍ਹਾਂ ਨੇ ਇਸ ਸਬੰਧ ਵਿੱਚ ਪੰਜਾਬ ਦੇ ਵਾਧੂ ਗ੍ਰਹਿ ਸਕੱਤਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਜ਼ਿੰਮੇਵਾਰ ਲੋਕਾਂ ਅਤੇ ਲਾਪਰਵਾਹ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪਹਿਲਾਂ ਈਮਾਨਦਾਰੀ ਨਾਲ ਲੀਜ਼ ‘ਤੇ ਦਿੱਤੀ ਗਈ ਜ਼ਮੀਨ ਦਾ ਕਿਰਾਇਆ ਨਾ ਦੇਣ ਕਾਰਨ ਲੀਜ਼ ਰੱਦ ਕਰ ਦਿੱਤੀ ਗਈ ਸੀ ਅਤੇ ਬਾਅਦ ਵਿੱਚ ਉੱਥੇ ਗ਼ੈਰ-ਕਾਨੂੰਨੀ ਕਬਜ਼ੇ ਕਰ ਲਏ ਗਏ ਸਨ। ਸੰਗਠਨ ਨੇ ਮੰਦਰ ਨੂੰ ਉਸ ਦੇ ਪੁਰਾਣੇ ਰੂਪ ਵਿੱਚ ਮੁੜ ਬਣਾਉਣ ਅਤੇ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਸਖ਼ਤ ਕਰਨ ਦੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੁਲਾਈ ਮਹੀਨੇ ਵਿੱਚ ਫਾਰੂਕਾਬਾਦ ਵਿਖੇ 125 ਸਾਲ ਪੁਰਾਣਾ ਇੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਵੀ ਢਾਹ ਦਿੱਤਾ ਗਿਆ ਸੀ। ਨਵੀਂ ਦਿੱਲੀ ਨੇ ਉਸ ਘਟਨਾ ਨੂੰ ‘ਬੇਹੱਦ ਨਿੰਦਣਯੋਗ’ ਕਰਾਰ ਦਿੰਦਿਆਂ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਦੇ ਰਿਕਾਰਡ ਦੀ ਸਖ਼ਤ ਆਲੋਚਨਾ ਕੀਤੀ ਸੀ।

Leave a Comment

Your email address will not be published. Required fields are marked *