
ਬਰਨਾਲਾ, 24 ਅਗਸਤ: ਕੱਚਾ ਕਾਲਜ ਰੋਡ ‘ਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵਿਭਾਗਾਂ ਵਿੱਚ ਆਪਸੀ ਤਾਲਮੇਲ ਦੀ ਘਾਟ ਦੀ ਇੱਕ ਸ਼ਰਮਨਾਕ ਤਸਵੀਰ ਸਾਹਮਣੇ ਆਈ ਹੈ। ਜਿਸ ਸੜਕ ਦਾ ਨਿਰਮਾਣ 8 ਅਗਸਤ ਨੂੰ ਵੱਡੇ ਤਾਮਝਾਮ ਨਾਲ ਨੀਂਹ ਪੱਥਰ ਰੱਖ ਕੇ ਸ਼ੁਰੂ ਹੋਇਆ ਸੀ ਅਤੇ 12 ਅਗਸਤ ਨੂੰ ਮੁਕੰਮਲ ਹੋਇਆ ਸੀ, ਉਸ ਨੂੰ ਮਹਿਜ਼ 14 ਦਿਨਾਂ ਦੇ ਅੰਦਰ ਹੀ ਪਾਈਪ ਪਾਉਣ ਦੇ ਬਹਾਨੇ ਜੇਸੀਬੀ ਚਲਾ ਕੇ ਬੁਰੀ ਤਰ੍ਹਾਂ ਪੱਟ ਦਿੱਤਾ ਗਿਆ ਹੈ । ਪੱਕੀ ਬਣੀ-ਬਣਾਈ ਸੜਕ ਨੂੰ ਪੁੱਟਦੇ ਦੇਖ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਫੈਲ ਗਿਆ।
ਸਰਕਾਰੀ ਸਕੂਲ ਦੇ ਨੇੜੇ ਜਦੋਂ ਅਚਾਨਕ ਭਾਰੀ ਮਸ਼ੀਨਰੀ ਨਾਲ ਨਵੀਂ ਬਣੀ ਸੜਕ ਦੀ ਖੁਦਾਈ ਸ਼ੁਰੂ ਹੋਈ, ਤਾਂ ਆਸ-ਪਾਸ ਦੇ ਨਿਵਾਸੀਆਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਕੰਮ ਰੁਕਵਾਇਆ। ਪੁੱਛਣ ‘ਤੇ ਕਰਮਚਾਰੀਆਂ ਨੇ ਸੀਵਰੇਜ ਪਾਈਪ ਦਾ ਕਨੈਕਸ਼ਨ ਜੋੜਨ ਦਾ ਹਵਾਲਾ ਦਿੱਤਾ। ਜਦੋਂ ਨਾਗਰਿਕਾਂ ਨੇ ਬਿਨਾਂ ਪੂਰਵ ਸੂਚਨਾ ਦੇ ਸੜਕ ਤੋੜਨ ‘ਤੇ ਕਰੜਾ ਵਿਰੋਧ ਜਤਾਇਆ, ਤਾਂ ਕਰਮਚਾਰੀ ਕੰਮ ਵਿਚਾਲੇ ਹੀ ਛੱਡ ਕੇ ਰਫ਼ੂਚੱਕਰ ਹੋ ਗਏ। ਜਾਣ ਤੋਂ ਪਹਿਲਾਂ ਉਨ੍ਹਾਂ ਨੇ ਪੁੱਟੇ ਗਏ ਡੂੰਘੇ ਖੱਡਿਆਂ ਵਿੱਚ ਲੇਪਾਪੋਤੀ ਕਰਦੇ ਹੋਏ ਸਿਰਫ਼ ਨਾਮਮਾਤਰ ਮਿੱਟੀ ਪਾ ਦਿੱਤੀ, ਜਿਸ ਨਾਲ ਹੁਣ ਉੱਥੇ ਹਾਦਸਿਆਂ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਇਸ ਘਟਨਾ ਤੋਂ ਭੜਕੇ ਸ਼ਹਿਰ ਵਾਸੀਆਂ ਨੇ ਨਗਰ ਨਿਗਮ ਅਤੇ ਸੀਵਰੇਜ ਬੋਰਡ ਦੀ ਕਾਰਜਪ੍ਰਣਾਲੀ ‘ਤੇ ਗੰਭੀਰ ਸਵਾਲ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸੜਕ ਦਾ ਨਿਰਮਾਣ ਹੋ ਰਿਹਾ ਸੀ, ਉਦੋਂ ਸਬੰਧਤ ਵਿਭਾਗ ਸੁੱਤਾ ਹੋਇਆ ਸੀ। ਇੱਕ ਵਿਭਾਗ ਸੜਕ ਬਣਾਉਂਦਾ ਹੈ ਅਤੇ ਦੂਜਾ ਉਸ ਨੂੰ ਪੁੱਟ ਦਿੰਦਾ ਹੈ, ਜੋ ਸਿੱਧੇ ਤੌਰ ‘ਤੇ ਜਨਤਾ ਦੀ ਕਮਾਈ ਦੇ ਟੈਕਸ ਦੀ ਦੁਰਵਰਤੋਂ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਹਨੇਰਗਰਦੀ ਫੈਲਾਉਣ ਵਾਲੇ ਅਧਿਕਾਰੀਆਂ ‘ਤੇ ਪਰਚਾ ਦਰਜ ਕਰਕੇ ਨੁਕਸਾਨ ਦੀ ਭਰਪਾਈ ਉਨ੍ਹਾਂ ਦੀ ਜੇਬ ‘ਚੋਂ ਕੀਤੀ ਜਾਵੇ।
ਨਗਰ ਨਿਗਮ ਦੇ ਮੇਅਰ ਹਰਪ੍ਰੀਤ ਭਾਰਦਵਾਜ ਨੇ ਸਖ਼ਤ ਰੁੱਖ ਅਪਣਾਉਂਦੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਪੱਧਰ ‘ਤੇ ਲਾਪਰਵਾਹੀ ਸਹੀ ਨਹੀਂ ਜਾਵੇਗੀ। ਇਸ ਹਰਕਤ ਲਈ ਜੋ ਵੀ ਅਫ਼ਸਰ ਜਾਂ ਠੇਕੇਦਾਰ ਜ਼ਿੰਮੇਵਾਰ ਪਾਇਆ ਜਾਵੇਗਾ, ਉਸ ‘ਤੇ ਸਖ਼ਤ ਕਾਰਵਾਈ ਹੋਵੇਗੀ। ਦੂਜੇ ਪਾਸੇ, ਸੀਵਰੇਜ ਵਿਭਾਗ ਦੇ ਐਸ.ਡੀ.ਓ. ਨੇ ਅਣਜਾਣਤਾ ਜਤਾਉਂਦੇ ਹੋਏ ਕਿਹਾ ਕਿ ਉਹ ਸਬੰਧਤ ਖੇਤਰ ਦੇ ਅਧਿਕਾਰੀਆਂ ਤੋਂ ਰਿਪੋਰਟ ਮੰਗ ਰਹੇ ਹਨ ਅਤੇ ਜਾਂਚ ਰਿਪੋਰਟ ਦੇ ਆਧਾਰ ‘ਤੇ ਅਗਲਾ ਐਕਸ਼ਨ ਲਿਆ ਜਾਵੇਗਾ।





