
ਅਮਰੀਕਾ ਦੇ ਜੌਰਜੀਆ ਰਾਜ ਵਿੱਚ ਫੁਲਟਨ ਕਾਊਂਟੀ ਦੇ ਰਹਿਣ ਵਾਲੇ 14 ਸਾਲਾ ਭਾਰਤੀ ਮੂਲ ਦੇ ਆਸ਼੍ਰਿਤ ਤੱਲੂਰੀ ਨੇ ਇੱਕ ਵਿਲੱਖਣ ਮੀਲ ਪੱਥਰ ਹਾਸਲ ਕੀਤਾ ਹੈ। ਉਸ ਨੇ ਦੁਨੀਆ ਦੀਆਂ ਸਭ ਤੋਂ ਚੁਣੌਤੀਪੂਰਨ ਪ੍ਰੀਖਿਆਵਾਂ ਵਿੱਚੋਂ ਇੱਕ ਮੰਨੀ ਜਾਂਦੀ SAT ਪ੍ਰੀਖਿਆ ਵਿੱਚ 1600 ਵਿੱਚੋਂ ਪੂਰੇ 1600 ਅੰਕ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਕਾਲਜ ਬੋਰਡ ਦੇ ਅੰਕੜਿਆਂ ਮੁਤਾਬਕ ਐਸ.ਏ.ਟੀ. ਵਿੱਚ ਪਰਫੈਕਟ ਸਕੋਰ ਪ੍ਰਾਪਤ ਕਰਨਾ ਬੇਹੱਦ ਦੁਰਲੱਭ ਹੈ, ਅਤੇ ਇੰਨੀ ਛੋਟੀ ਉਮਰ ਵਿੱਚ ਇਹ ਮੁਕਾਮ ਹਾਸਲ ਕਰਨਾ ਆਸ਼੍ਰਿਤ ਦੀ ਅਸਾਧਾਰਨ ਪ੍ਰਤਿਭਾ, ਅਨੁਸ਼ਾਸਨ ਅਤੇ ਲਗਨ ਨੂੰ ਦਰਸਾਉਂਦਾ ਹੈ।
ਆਸ਼੍ਰਿਤ ਬਚਪਨ ਤੋਂ ਹੀ ਪੜ੍ਹਾਈ ਵਿੱਚ ਬਾਕੀ ਬੱਚਿਆਂ ਨਾਲੋਂ ਕਾਫ਼ੀ ਅੱਗੇ ਰਿਹਾ ਹੈ। ਮਿਡਲ ਸਕੂਲ ਵਿੱਚ ਹੀ ਉਸ ਨੇ ਆਪਣੀ ਅਕਾਦਮਿਕ ਕਾਬਲੀਅਤ ਦੇ ਦਮ ‘ਤੇ 14.5 ਹਾਈ ਸਕੂਲ ਕ੍ਰੈਡਿਟ ਪੂਰੇ ਕਰ ਲਏ ਸਨ, ਜਿਸ ਕਰਕੇ ਉਸ ਨੂੰ ਹਾਰਵਰਡ ਅਤੇ ਰਾਈਸ ਵਰਗੀਆਂ ਨਾਮੀ ਯੂਨੀਵਰਸਿਟੀਆਂ ਦੇ ਕਾਲਜ-ਲੇਵਲ ਸਮਰ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਜਨਵਰੀ 2026 ਵਿੱਚ ਇਸ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਉਸ ਨੇ ਲਗਭਗ ਪੰਜ ਮਹੀਨੇ ਸਖ਼ਤ ਮਿਹਨਤ ਕੀਤੀ। ਟਿਊਟਰ ਦੀ ਮਦਦ, ਆਨਲਾਈਨ ਸਮੱਗਰੀ ਅਤੇ 28 ਤੋਂ ਵੱਧ ਅਭਿਆਸ ਟੈਸਟਾਂ ਦੇ ਜ਼ਰੀਏ ਉਸ ਨੇ ਆਪਣੀ ਤਿਆਰੀ ਪੂਰੀ ਕੀਤੀ। ਮੁੱਖ ਪ੍ਰੀਖਿਆ ਤੋਂ ਪਹਿਲਾਂ ਹੀ ਉਸ ਨੇ ਤਿੰਨ ਪ੍ਰੈਕਟਿਸ ਟੈਸਟਾਂ ਵਿੱਚ 1600 ‘ਚੋਂ 1600 ਅੰਕ ਹਾਸਲ ਕਰ ਲਏ ਸਨ, ਜਿਸ ਤੋਂ ਬਾਅਦ ਜੂਨ ਵਿੱਚ ਦਿੱਤੀ ਗਈ SAT ਪ੍ਰੀਖਿਆ ਦਾ ਨਤੀਜਾ ਵੈਰੀਫਾਈ ਹੋ ਕੇ ਸਾਹਮਣੇ ਆਇਆ।
ਮੌਜੂਦਾ ਸਮੇਂ ਵਿੱਚ ਆਸ਼੍ਰਿਤ ਫੁਲਟਨ ਕਾਊਂਟੀ ਦੀ ਇਨੋਵੇਸ਼ਨ ਅਕੈਡਮੀ ਵਿੱਚ 9ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਡਿਊਲ ਐਨਰੋਲਮੈਂਟ ਰਾਹੀਂ ਕਾਲਜ ਪੱਧਰ ਦੇ ਕੋਰਸਾਂ ਦੀ ਪੜ੍ਹਾਈ ਵੀ ਕਰ ਰਿਹਾ ਹੈ। ਆਪਣੀ ਪੜ੍ਹਾਈ ਦੇ ਨਾਲ-ਨਾਲ ਉਹ ਅਟਲਾਂਟਾ ਵਿੱਚ ਹੈਕਾਥੌਨ ਮੁਕਾਬਲਿਆਂ ਵਿੱਚ ਹਿੱਸਾ ਲੈਂਦਾ ਹੈ ਅਤੇ ਉਸ ਨੂੰ ਸ਼ਤਰੰਜ, ਐਵੀਏਸ਼ਨ, ਆਰਟੀਫਿਸ਼ੀਅਲ ਇੰਟੈਲੀਜੈਂਸ (AI), ਕੰਪਿਊਟਰ ਸਾਇੰਸ ਅਤੇ ਮੈਡੀਕਲ ਰਿਸਰਚ ਵਿੱਚ ਡੂੰਘੀ ਦਿਲਚਸਪੀ ਹੈ। ਭਵਿੱਖ ਵਿੱਚ ਉਹ ਇੱਕ ਨਿਊਰੋਸਰਜਨ ਬਣ ਕੇ ਮੈਡੀਕਲ ਸਾਇੰਸ ਅਤੇ ਟੈਕਨਾਲੋਜੀ ਨੂੰ ਜੋੜਨਾ ਚਾਹੁੰਦਾ ਹੈ। ਇਸੇ ਦਿਸ਼ਾ ਵਿੱਚ ਉਸ ਨੇ ‘CerebroAegis’ ਨਾਂ ਦਾ ਇੱਕ AI-ਅਧਾਰਿਤ ਪ੍ਰੋਜੈਕਟ ਵੀ ਤਿਆਰ ਕੀਤਾ ਹੈ, ਜੋ ਸਮਾਰਟਫੋਨ ਸੈਂਸਰਾਂ ਦੀ ਮਦਦ ਨਾਲ ਸਟ੍ਰੋਕ ਦੀ ਪਛਾਣ ਕਰਨ ਵਿੱਚ ਮਦਦ ਕਰਦਾ ਹੈ।





