ਸਨਮਾਨ ‘ਚ ਮਿਲੇ 30 ਕਰੋੜ ਰੁਪਏ ਵੀ ਲੋੜਵੰਦਾਂ ਨੂੰ ਵੰਡ ਦਿੱਤੇ
ਪ੍ਰੋ. ਸ਼ੋਇਬ ਜ਼ਫ਼ਰ

ਚੇਨਈ ਦਾ ਪੀ. ਕਲਿਆਣਸੁੰਦਰਮ ਇੱਕ ਅਜਿਹਾ ਇਨਸਾਨ ਹੈ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਲੋੜਵੰਦਾਂ ਦੀ ਮਦਦ ਲਈ ਲਗਾ ਦਿੱਤੀ। ਸਾਦਾ ਜੀਵਨ ਅਤੇ ਉੱਚੇ ਵਿਚਾਰਾਂ ਦਾ ਧਨੀ ਇਹ ਵਿਅਕਤੀ ਆਪਣੇ 35 ਸਾਲਾਂ ਦੇ ਲਾਇਬ੍ਰੇਰੀਅਨ ਦੇ ਕੈਰੀਅਰ ਵਿਚ ਸਾਰੀ ਤਨਖਾਹ ਸਮਾਜਿਕ ਕਾਰਜਾਂ ਲਈ ਦਾਨ ਕਰਦਾ ਰਿਹਾ ਹੈ। ਉਸ ਨੇ ਨਿੱਜੀ ਕੰਮਾਂ ਲਈ ਆਪਣੀ ਤਨਖਾਹ ਵਿਚੋਂ ਕਦੇ ਇਕ ਧੇਲਾ ਵੀ ਆਪਣੇ ‘ਤੇ ਖਰਚ ਨਹੀਂ ਸੀ ਕੀਤਾ। ਇੱਥੇ ਹੀ ਬਸ ਨਹੀਂ ਨੌਕਰੀ ਤੋਂ ਰਿਟਾਇਰਮੈਂਟ ‘ਤੇ ਮਿਲਣ ਵਾਲੀ 10 ਲੱਖ ਦੀ ਰਾਸ਼ੀ ਵੀ ਅਜਿਹੇ ਕੰਮਾਂ ‘ਤੇ ਹੀ ਖਰਚ ਦਿੱਤੀ। ਇਸ ਦੇ ਸਮਾਜਿਕ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਅਮਰੀਕੀ ਸਰਕਾਰ ਨੇ ਇਸ ਵਿਅਕਤੀ ਨੂੰ ‘ਸਦੀ ਦੇ ਬਿਹਤਰੀਨ ਇਨਸਾਨ’ ਵਜੋਂ ਸਨਮਾਨਿਤ ਕੀਤਾ ਅਤੇ 30 ਕਰੋੜ ਦੀ ਰਾਸ਼ੀ ਪ੍ਰਦਾਨ ਕੀਤੀ ਗਈ। ਕਲਿਆਣਸੁੰਦਰਮ ਨੇ ਇਹ 30 ਕਰੋੜ ਰੁਪਏ ਵੀ ਹੱਸਦੇ-ਹੱਸਦੇ ਸਮਾਜ ਕਲਿਆਣ ਦੇ ਕੰਮਾਂ ਲਈ ਦਾਨ ਕਰ ਦਿੱਤੇ।
ਸਮਾਜਿਕ ਕਾਰਜਾਂ ਵਿਚ ਸ਼ੁਰੂ ਤੋਂ ਹੀ ਬੇਹੱਦ ਸਰਗਰਮ ਕਲਿਆਣਸੁੰਦਰਮ ਯਤੀਮ ਬੱਚਿਆਂ ਅਤੇ ਬੇਸਹਾਰਾ ਬੁਜ਼ਰਗਾਂ ਲਈ ਕਿਸੇ ਮਸੀਹਾ ਤੋਂ ਘੱਟ ਨਹੀਂ ਹੈ। ਉਹ ਤਮਿਲਨਾਡੂ ਦੇ ਅਨੇਕਾਂ ਅਨਾਥ ਆਸ਼ਰਮਾਂ ਅਤੇ ਓਲਡ ਏਜ ਸੰਸਥਾਵਾਂ ਨਾਲ ਜੁੜਿਆ ਰਿਹਾ ਹੈ। ਕਲਿਆਣਸੁੰਦਰਮ ਦੀ ਸਮਾਜਿਕ ਕਾਰਜਾਂ ਲਈ ਦਾਨ ਦੇਣ ਦੀ ਸ਼ੁਰੂਆਤ 1962 ਵਿਚ ਚੀਨ ਯੁੱਧ ਦੇ ਸਮੇਂ ਤੋਂ ਜਾਰੀ ਹੈ। ਉਸ ਸਮੇਂ ਪਹਿਲੀ ਵਾਰ ਉਸ ਨੇ ਆਪਣੀ ਮਰਹੂਮ ਮਾਂ ਦੀ ਨਿਸ਼ਾਨੀ ਸੋਨੇ ਦੀ ਚੇਨ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਭਾਸ਼ਣ ਤੋਂ ਪ੍ਰਭਾਵਿਤ ਹੋ ਕੇ ਰਾਹਤ ਕੋਸ਼ ਵਿਚ ਜਮਾਂ ਕਰਵਾ ਦਿੱਤੀ ਸੀ। ਉਸੇ ਸਮੇਂ ਤੋਂ ਦੁਨਿਆਵੀ ਵਸਤਾਂ ਨਾਲ ਕਲਿਆਣਸੁੰਦਰਮ ਦਾ ਮੋਹ ਭੰਗ ਹੋ ਗਿਆ।
ਸਾਰੀ ਉਮਰ ਵਿਆਹ ਨਾ ਕਰਾਉਣ ਵਾਲਾ ਕਲਿਆਣਸੁੰਦਰਮ ਆਪਣੇ ਨਿੱਜੀ ਖਰਚਿਆਂ ਲਈ ਲਾਂਡਰੀਆਂ ਅਤੇ ਦੁਕਾਨਾਂ ਆਦਿ ‘ਤੇ ਪਾਰਟ ਟਾਇਮ ਕਰਦਾ ਹੈ। ਮਹਾਤਮਾ ਗਾਂਧੀ ਨੂੰ ਆਪਣਾ ਆਦਰਸ਼ ਮੰਨਣ ਵਾਲੇ ਇਸ ਵਿਅਕਤੀ ਦਾ ਮਹਿੰਗਾਈ ਦੇ ਇਸ ਜ਼ਮਾਨੇ ਵਿਚ ਮਹੀਨੇ ਦਾ ਖਰਚ 600 ਰੁਪਏ ਤੋਂ ਵੱਧ ਨਹੀਂ ਹੈ। ਲਾਇਬ੍ਰੇਰੀ ਸਾਇੰਸ ਵਿਚ ਸੋਨ ਤਮਗਾ ਜੇਤੂ ਕਲਿਆਣਸੁੰਦਰਮ ਨੇ ਤਮਿਲ ਸਾਹਿਤ ਅਤੇ ਇਤਿਹਾਸ ਵਿਚ ਮਾਸਟਰ ਡਿਗਰੀ ਵੀ ਹਾਸਲ ਕੀਤੀ ਹੋਈ ਹੈ। ਭਾਰਤ ਸਰਕਾਰ ਦੇ ਸਿੱਖਿਆ ਵਿਭਾਗ ਤੋਂ ਉਸ ਨੂੰ ਭਾਰਤ ਦਾ ‘ਬੈਸਟ ਲਾਇਬ੍ਰੇਰੀਅਨ’ ਦਾ ਇਨਾਮ ਮਿਲ ਚੁੱਕਾ ਹੈ। ਸੰਯੁਕਤ ਰਾਸ਼ਟਰ ਨੇ ਉਸ ਨੂੰ 20ਵੀਂ ਸਦੀ ਦੇ 20 ਸਭ ਤੋਂ ਮਹੱਤਵਪੂਰਨ ਵਿਅਕਤੀਆਂ ਵਿਚ ਸ਼ਾਮਿਲ ਕੀਤਾ ਸੀ। ਰਿਟਾਇਰਮੈਂਟ ਤੋਂ ਬਾਅਦ ਕਲਿਆਣਸੁੰਦਰਮ ਨੇ ਆਪਣੇ ਹਮਖਿਆਲੀ ਲੋਕਾਂ ਨਾਲ ਮਿਲ ਕੇ ਪਾਲਮ ਨਾਂ ਦੀ ਇਕ ਸਵੈ-ਸੇਵੀ ਸੰਸਥਾ ਬਣਾਈ ਹੈ। ਇਹ ਸੰਸਥਾ ਕਈ ਤਰ੍ਹਾਂ ਦੇ ਸਮਾਜ ਕਲਿਆਣ ਦੇ ਕੰਮਾਂ ਵਿਚ ਪੂਰੀ ਸ਼ਿੱਦਤ ਨਾਲ ਮਸ਼ਗੂਲ ਹੈ।





