ਇਕ ਔਰਤ ਜਿਸਨੇ ਸਬਜ਼ੀਆਂ ਵੇਚ ਕੇ ਹਸਪਤਾਲ ਬਣਾਇਆ

ਪ੍ਰੋ. ਸ਼ੋਇਬ ਜ਼ਫ਼ਰ

ਕਲਕੱਤਾ ਦੀ ਸੁਭਾਸ਼ਿਨੀ ਮਿਸਤਰੀ ਨੇ ਆਪਣੀ ਦ੍ਰਿੜ ਇੱਛਾ ਸ਼ਕਤੀ ਅਤੇ ਆਤਮ ਵਿਸ਼ਵਾਸ ਦੇ ਬਲ ‘ਤੇ ਮਾਨਵ ਜਾਤੀ ਲਈ ਇੱਕ ਅਜਿਹਾ ਕਾਰਨਾਮਾ ਅੰਜਾਮ ਕਰ ਦਿਖਾਇਆ, ਜਿਸ ਨੂੰ ਸੁਣ ਅਤੇ ਵੇਖ ਕੇ ਹਰ ਇਨਸਾਨ ਦਾ ਸਿਰ ਇਸ ਮਹਾਂ ਨਾਰੀ ਦੇ ਸਾਹਮਣੇ ਝੁੱਕ ਜਾਂਦਾ ਹੈ। ਉਚਿੱਤ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ 43 ਸਾਲ ਪਹਿਲਾਂ ਆਪਣੇ ਪਤੀ ਨੂੰ ਖੋਹ ਚੁੱਕੀ ਇਸ ਸੜਕਾਂ ‘ਤੇ ਸਬਜ਼ੀ ਵੇਚਣ ਵਾਲੀ ਔਰਤ ਨੇ ਚਾਰ ਦਹਾਕੇ ਤਕ ਦੀ ਆਪਣੀ ਸਾਰੀ ਕਮਾਈ ਅਤੇ ਸਮਾਂ ਗਰੀਬਾਂ ਅਤੇ ਮੁਹਤਾਜਾਂ ਲਈ ਇਕ ਮੁਫ਼ਤ ਹਸਪਤਾਲ ਖੋਲ੍ਹਣ ‘ਤੇ ਲਾ ਦਿੱਤਾ ਹੈ।
ਮਜ਼ਦੂਰ ਪਤੀ ਦੀ ਮੌਤ ਤੋਂ ਬਾਅਦ  ਬੇਹੱਦ ਗਰੀਬ,  ਚਾਰ  ਛੋਟੇ-ਛੋਟੇ ਬੱਚਿਆਂ ਦੀ ਮਾਂ ਸੁਭਾਸ਼ਿਨੀ ਮਿਸਤਰੀ ਨੇ ਘਰ ਚਲਾਉਣ ਲਈ  ਘਰੇਲੂ ਨੌਕਰਾਨੀ ਦੇ ਤੌਰ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਘਰ ਦੇ ਖਰਚਿਆਂ ਤੋਂ ਬਾਅਦ ਜੋ ਕੁਝ ਬਚਦਾ ਉਹ ਸੰਭਾਲ ਕੇ ਰੱਖਦੀ ਗਈ। ਹਸਪਤਾਲ ਲਈ ਪੈਸੇ ਜੋੜਨ ਦੇ ਮੰਤਵ ਕਾਰਣ ਉਸ ਨੂੰ ਕੁਝ ਸਾਲਾਂ ਲਈ ਆਪਣੇ ਦੋਵੇਂ ਛੋਟੇ ਬੱਚੇ ਅਨਾਥ ਆਸ਼ਰਮ ਵਿਚ ਵੀ ਰੱਖਣੇ ਪਏ। ਫਿਰ ਉਸ ਨੇ ਬਾਜ਼ਾਰਾਂ ਵਿਚ ਸਬਜ਼ੀਆਂ ਵੇਚਣ ਦਾ ਕੰਮ ਸ਼ੁਰੂ ਕੀਤਾ। ਇਸ ਕੰਮ ਵਿਚ ਉਸ ਦੇ ਬੱਚਿਆਂ ਨੇ ਵੀ ਸਾਥ ਦਿੱਤਾ। ਇਸ ਹਿੰਮਤੀ ਔਰਤ ਨੇ  ਹਸਪਤਾਲ ਬਣਾਉਣ ਦੀ ਆਪਣੀ ਦ੍ਰਿੜ ਇੱਛਾ ਸ਼ਕਤੀ ਸਾਹਮਣੇ ਹਰ ਮੁਸ਼ਕਿਲ ਨੂੰ ਹੱਸਦੇ ਹੱਸਦੇ ਗਲ ਲਾਇਆ। ਆਖੀਰ ਸੁਭਾਸ਼ਿਨੀ ਅਤੇ ਉਸ ਦੇ ਬੱਚਿਆਂ ਦੀ ਮਿਹਨਤ ਰੰਗ ਲਿਆਈ। 1996 ਵਿਚ ਉਸ ਨੇ 25 ਸਾਲਾਂ ਦੀ ਸਾਰੀ ਜਮਾਂ ਪੂੰਜੀ ਲਾ ਕੇ ਕੋਲਕਤਾ ਨੇੜੇ ਸਥਿਤ ਆਪਣੇ ਪਤੀ ਦੇ ਪਿੰਡ  ਹੰਸਪੁਕੂਰ ਵਿਚ ਹਸਪਤਾਲ ਲਈ ਇੱਕ ਬਿੱਘਾ ਜ਼ਮੀਨ ਖਰੀਦ ਲਈ। ਛੱਪਰ ਪਾ ਕੇ ਹਸਪਤਾਲ ਲਈ ਦੋ ਆਰਜ਼ੀ ਕਮਰੇ ਤਿਆਰ ਕੀਤੇ ਗਏ। ਸੁਭਾਸ਼ਿਨੀ ਨੇ ਨੇੜੇ ਤੇੜੇ ਦੇ ਸਾਰੇ ਡਾਕਟਰਾਂ ਨੂੰ ਇਸ ਹਸਪਤਾਲ ਵਿਚ ਮਰੀਜ਼ਾਂ ਨੂੰ ਦੇਖਣ ਲਈ ਮਿੰਨਤ ਤਰਲੇ ਕਰਨੇ ਸ਼ੁਰੂ ਕਰ ਦਿੱਤੇ। ਆਖੀਰ ਸੁਭਾਸ਼ਿਨੀ ਦੇ ਹੌਸਲੇ ਅਤੇ ਜਜ਼ਬੇ ਨੂੰ ਵੇਖਦੇ ਹੋਏ ਇਕ ਦੋ ਡਾਕਟਰ ਕੁੱਝ ਸਮੇਂ ਲਈ ਇਸ ਹਸਪਤਾਲ ਵਿਚ ਮਰੀਜ਼ਾਂ ਨੂੰ ਮੁਫ਼ਤ ਦੇਖਣ ਲਈ ਤਿਆਰ ਹੋ ਗਏ।
ਪੂਰੀ ਤਰ੍ਹਾਂ ਅਨਪੜ੍ਹ ਸੁਭਾਸ਼ਿਨੀ ਦੇ ਦੋ ਬੱਚੇ ਹੁਣ ਵੀ ਸਬਜ਼ੀ ਵੇਚਣ ਵਿਚ ਉਸਦੀ ਮਦੱਦ ਕਰਦੇ ਹਨ। ਸਭ ਤੋਂ ਛੋਟਾ ਬੇਟਾ ਡਾਕਟਰੀ ਦੀ ਪੜਾਈ ਪੂਰੀ ਕਰ ਕੇ ਹੁਣ ਹਸਪਤਾਲ ਦਾ ਕੰਮ ਦੇਖਦਾ ਹੈ। ਸੁਭਾਸ਼ਿਨੀ ਦਾ ਇਹ ਹਸਪਤਾਲ ਲੋਕਾਂ ਦੇ ਦਾਨਪੁੰਨ ਅਤੇ ਕੁਝ ਸਰਕਾਰੀ ਮਦਦ ਨਾਲ ਇਸ ਸਮੇਂ ਤਿੰਨ ਬਿੱਘੇ ਵਿਚ ਇਕ ਵੱਡੇ ਹਸਪਤਾਲ ਵਿਚ ਤਬਦੀਲ ਹੋ ਚੁੱਕਾ ਹੈ। ਇਸ 25 ਬਿਸਤਰਿਆਂ ਵਾਲੇ ਦੋ ਮੰਜ਼ਿਲਾ ਹਸਪਤਾਲ ਵਿਚ ਇਸ ਸਮੇਂ ਸੁਭਾਸ਼ਿਨੀ ਦੇ ਬੇਟੇ ਤੋਂ ਇਲਾਵਾ 12 ਮਾਹਰ  ਡਾਕਟਰ ਦਿਨ ਰਾਤ ਸੇਵਾ ਨਿਭਾਅ ਰਹੇ ਹਨ। ਪਰ ਅਜੇ ਵੀ ਗਰੀਬ ਅਤੇ ਜ਼ਰੂਰਤਮੰਦਾਂ ਤੋਂ ਇਕ ਪੈਸਾ ਵੀ ਫੀਸ ਨਹੀਂ ਲਈ ਜਾਂਦੀ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸੁਭਾਸ਼ਿਨੀ ਮਿਸਤਰੀ ਅਤੇ ਉਸ ਦੇ ਬਾਕੀ ਬੱਚੇ  ਅੱਜ ਵੀ ਸਵੇਰੇ ਸਵੇਰ ਸਬਜ਼ੀਆਂ ਦੀ ਟੋਕਰੀ ਲੈਕੇ ਬਾਜ਼ਾਰ ਵੇਚਣ ਲਈ ਨਿਕਲ ਜਾਂਦੇ ਹਨ। ਪਰੀਵਾਰ ਦਾ ਗੁਜ਼ਾਰਾ ਇਸੇ ਕਮਾਈ ਤੋਂ ਹੁੰਦਾ ਹੈ।  

Leave a Comment

Your email address will not be published. Required fields are marked *