ਏ.ਆਈ. ਦਾ ਕਮਾਲ: ਮੰਦਰ ਬਾਹਰ ਗੁਆਚੀ ਚੱਪਲ ਲੱਭਣ ਲਈ ਨੌਜਵਾਨ ਨੇ ਲਾਇਆ ਅਨੋਖਾ ‘ਜੁਗਾੜ’

ਉਜੈਨ, 17 ਅਗਸਤ: ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਹੁਣ ਸਿਰਫ਼ ਵੱਡੇ ਕੰਮਾਂ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਰੋਜ਼ਾਨਾ ਦੀਆਂ ਅਜੀਬੋ-ਗਰੀਬ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੀ ਇਸ ਦਾ ਸਹਾਰਾ ਲਿਆ ਜਾਣ ਲੱਗਾ ਹੈ। ਇਸ ਦੀ ਇੱਕ ਬੇਹੱਦ ਦਿਲਚਸਪ ਮਿਸਾਲ ਗੋਆ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਪੇਸ਼ ਕੀਤੀ ਹੈ, ਜਿਸ ਨੇ ਮੰਦਰ ਦੇ ਬਾਹਰੋਂ ਜੁੱਤੇ-ਚੱਪਲਾਂ ਗੁਆਚਣ ਦੀ ਆਮ ਪਰੇਸ਼ਾਨੀ ਤੋਂ ਬਚਣ ਲਈ ਚੈਟ-ਜੀ.ਪੀ.ਟੀ. (ChatGPT) ਦੀ ਮਦਦ ਲਈ ਅਤੇ ਸੈਂਕੜੇ ਜੁੱਤੀਆਂ ਦੇ ਢੇਰ ਵਿੱਚੋਂ ਆਪਣੀ ਗੁਆਚੀ ਚੱਪਲ ਆਸਾਨੀ ਨਾਲ ਲੱਭ ਲਈ।

ਮੱਧ ਪ੍ਰਦੇਸ਼ ਦੇ ਪ੍ਰਸਿੱਧ ਉਜੈਨ ਮਹਾਕਾਲ ਮੰਦਰ ਦੇ ਬਾਹਰ ਵਾਪਰੀ ਇਸ ਘਟਨਾ ਵਿੱਚ ਸ਼ੁਭੰਗ ਬੋਰਕਰ ਨਾਮ ਦੇ ਨੌਜਵਾਨ ਨੇ ਆਪਣੇ ਫੋਨ ਨੂੰ ਇੱਕ ਸਮਾਰਟ ਸਕੈਨਿੰਗ ਟੂਲ ਵਜੋਂ ਵਰਤਿਆ। ਉਸ ਨੇ ਰੈਕ ’ਤੇ ਪਈਆਂ ਜੁੱਤੀਆਂ ਦੀਆਂ ਤਸਵੀਰਾਂ ਲਗਾਤਾਰ ਏ.ਆਈ. ਚੈਟਬੋਟ ਨਾਲ ਸਾਂਝੀਆਂ ਕੀਤੀਆਂ, ਜਿਸ ਤੋਂ ਬਾਅਦ ਚੈਟਬੋਟ ਨੇ ਸਹੀ ਪਛਾਣ ਕਰ ਕੇ ਉਸ ਦੀ ਚੱਪਲ ਲੱਭਣ ਵਿੱਚ ਮਦਦ ਕੀਤੀ। ਪੇਸ਼ੇ ਤੋਂ ਸਾਈਬਰ ਸੁਰੱਖਿਆ ਮਾਹਰ ਅਤੇ ਘੁੰਮਣ-ਫਿਰਨ ਦੇ ਸ਼ौਕੀਨ ਸ਼ੁਭੰਗ ਨੇ ਇਸ ਤਜ਼ਰਬੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਮੰਦਰ ਦੇ ਬਾਹਰ ਭੀੜ-ਭੜੱਕੇ ਅਤੇ ਇੱਕੋ ਜਿਹੇ ਜੁੱਤੇ-ਚੱਪਲਾਂ ਵਿੱਚੋਂ ਆਪਣੀ ਜੋੜੀ ਨੂੰ ਲੱਭਣਾ ਕਿੰਨਾ ਮੁਸ਼ਕਲ ਕੰਮ ਹੁੰਦਾ ਹੈ।

ਇਸ ਤਰ੍ਹਾਂ ਕੰਮ ਕੀਤਾ ‘ਏ.ਆਈ. ਜੁਗਾੜ’

ਸ਼ੁਭੰਗ ਨੇ ਸਭ ਤੋਂ ਪਹਿਲਾਂ ਚੈਟ-ਜੀ.ਪੀ.ਟੀ. ’ਤੇ ਆਪਣੀ ਚੱਪਲ ਦੀ ਪੁਰਾਣੀ ਫੋਟੋ ਅੱਪਲੋਡ ਕੀਤੀ ਅਤੇ ਦੱਸਿਆ ਕਿ ਉਹ ਉਜੈਨ ਦੇ ਮਹਾਕਾਲ ਮੰਦਰ ਦੇ ਬਾਹਰ ਮੌਜੂਦ ਹੈ ਅਤੇ ਉਸ ਦੀ ਚੱਪਲ ਗੁੰਮ ਹੋ ਗਈ ਹੈ। ਇਸ ਤੋਂ ਬਾਅਦ, ਉਸ ਨੇ ਮੰਦਰ ਦੇ ਬਾਹਰ ਰੈਕਾਂ ’ਤੇ ਪਈਆਂ ਵੱਖ-ਵੱਖ ਜੁੱਤੀਆਂ ਦੀਆਂ ਤਸਵੀਰਾਂ ਖਿੱਚ ਕੇ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਚੈਟਬੋਟ ਨੇ ਇਨ੍ਹਾਂ ਤਸਵੀਰਾਂ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਅਤੇ ਆਖ਼ਰਕਾਰ ਇੱਕ ਖਾਸ ਤਸਵੀਰ ਵੱਲ ਇਸ਼ਾਰਾ ਕਰਦਿਆਂ ਸਹੀ ਜਗ੍ਹਾ ਦੱਸ ਦਿੱਤੀ। ਇਸ ਅਨੋਖੇ ਤਜ਼ਰਬੇ ਨੇ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਖ਼ਾਸ ਧਿਆਨ ਖਿੱਚਿਆ ਹੈ ਅਤੇ ਇਸ ਦੀ ਕਾਫ਼ੀ ਚਰਚਾ ਹੋ ਰਹੀ ਹੈ।

Leave a Comment

Your email address will not be published. Required fields are marked *