CJP ਦੇ ਦਬਾਅ ਹੇਠ ‘ਸਿਰ ਪਾੜਨ’ ਦੇ ਦਾਅਵੇ ਕਰਨ ਵਾਲੇ ਇਨਫਲੂਐਂਸਰ ਖਿਲਾਫ਼ SC/ST ਐਕਟ ਤਹਿਤ ਮਾਮਲਾ ਦਰਜ

ਨਵੀਂ ਦਿੱਲੀ, 5 ਸਤੰਬਰ: ਦਿੱਲੀ ਪੁਲਿਸ ਨੇ CJP ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ਅਤੇ ਵੱਧਦੇ ਦਬਾਅ ਤੋਂ ਬਾਅਦ ਇਨਫਲੂਐਂਸਰ ਸੁਤੰਤਰ ਭਾਰਦਵਾਜ ਖਿਲਾਫ਼ SC/ST (ਅੱਤਿਆਚਾਰ ਰੋਕਥਾਮ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਸੁਤੰਤਰ ਭਾਰਦਵਾਜ ਦੇ ਇੱਕ ਵਾਇਰਲ ਪੌਡਕਾਸਟ ਤੋਂ ਬਾਅਦ ਸਾਹਮਣੇ ਆਈ ਹੈ, ਜਿਸ ਵਿੱਚ ਉਸ ਨੇ ਜੁਲਾਈ ਵਿੱਚ ਹੋਏ CJP ਦੇ ਪ੍ਰਦਰਸ਼ਨ ਦੌਰਾਨ ਕੰਟੈਂਟ ਕ੍ਰਿਏਟਰ ਨਿਸ਼ੂ ਆਜ਼ਾਦ ਦੇ ਪਿਤਾ ਦਾ ਸਿਰ ਪਾੜਨ ਦਾ ਦਾਅਵਾ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਲਈ ਉਸ ਨੂੰ ਜੇਲ੍ਹ ਵੀ ਨਹੀਂ ਜਾਣਾ ਪਿਆ।
ਸ਼ੁੱਕਰਵਾਰ ਨੂੰ 14 ਸਾਲਾ ਕੰਟੈਂਟ ਕ੍ਰਿਏਟਰ ਨਿਸ਼ੂ ਆਜ਼ਾਦ ਅਤੇ ਕੌਕਰੋਚ ਜਨਤਾ ਪਾਰਟੀ (CJP) ਦੇ ਮੈਂਬਰਾਂ ਨੇ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਦਿੱਤਾ। ਉਹ ਮੰਗ ਕਰ ਰਹੇ ਸਨ ਕਿ ਪੁਲਿਸ ਸੁਤੰਤਰ ਭਾਰਦਵਾਜ ਅਤੇ ਉਸ ਦੇ ਸਾਥੀ ਸੂਰਜ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਅਤੇ ਉਨ੍ਹਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰੇ। ਦੂਜੇ ਪਾਸੇ, ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਤਲ ਦੀ ਕੋਸ਼ਿਸ਼ ਦੀ ਧਾਰਾ ਲਗਾਉਣ ਦਾ ਫੈਸਲਾ ਮੈਡੀਕਲ ਰਾਏ ਦੇ ਆਧਾਰ ‘ਤੇ ਲਿਆ ਜਾਵੇਗਾ।
ਇਹ ਘਟਨਾ 23 ਜੁਲਾਈ ਦੀ ਹੈ ਜਦੋਂ CJP ਨੇ ਨੀਟ (UG) 2026 ਪੇਪਰ ਲੀਕ ਦੇ ਵਿਰੋਧ ਵਿੱਚ ਅਤੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕੀਤਾ ਸੀ। ਵਾਇਰਲ ਹੋਏ ਪੌਡਕਾਸਟ ਵਿੱਚ ਸੁਤੰਤਰ ਭਾਰਦਵਾਜ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਨਿਸ਼ੂ ਦੇ ਪਿਤਾ ਸੰਜੇ ਦੇ ਸਿਰ ‘ਤੇ ਹਮਲਾ ਕੀਤਾ, ਜਿਸ ਨਾਲ ਉਨ੍ਹਾਂ ਦੇ ਸਿਰ ‘ਤੇ ਸੱਤ ਟਾਂਕੇ ਲੱਗੇ ਸਨ, ਪਰ ਉਹ ਅਗਲੇ ਹੀ ਦਿਨ ਬਿਨਾਂ ਜੇਲ੍ਹ ਗਏ ਬਾਹਰ ਆ ਗਿਆ। ਉਸ ਨੇ ਕਈ ਵੱਡੇ ਸਿਆਸੀ ਨੇਤਾਵਾਂ ਦੇ ਨਾਂ ਲੈ ਕੇ ਆਪਣੇ ਸੰਬੰਧਾਂ ਦਾ ਦਾਅਵਾ ਵੀ ਕੀਤਾ ਸੀ।
ਦਿੱਲੀ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਨਵੀਂ ਦਿੱਲੀ) ਸਚਿਨ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਸੰਜੇ ਕੁਮਾਰ ਨੂੰ ਧੱਕਾਮੁੱਕੀ ਦੌਰਾਨ ਮੁਲਜ਼ਮ ਦੇ ਹੱਥ ਵਿੱਚ ਪਾਏ ਕੜੇ ਨਾਲ ਸਿਰ ‘ਤੇ ਸੱਟ ਲੱਗੀ ਸੀ, ਜਿਸ ਨੂੰ ਡਾਕਟਰਾਂ ਨੇ ਮਾਮੂਲੀ ਦੱਸਿਆ ਹੈ। ਪੁਲਿਸ ਨੇ ਭਾਰਤੀ ਨਿਆਇ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਪੁਲਿਸ ਅਨੁਸਾਰ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕੀਤੀ ਜਾਵੇਗੀ।

Leave a Comment

Your email address will not be published. Required fields are marked *