ਹਾਲ ਹੀ ਵਿੱਚ ਆਈ ਫ਼ਿਲਮ ‘ਹਨੂਮਾਨ ਅੰਸ਼’ ਲਈ “ਮੈਂ ਤੇਰੇ ਹੀ ਭਰੋਸੇ ਹਨੂਮਾਨ” ਗਾਣਾ ਗਾਉਣ ਵਾਲੇ ਸੁਨੀਲ ਲੋਧੀ ਨੂੰ ਬੁੰਦੇਲਖੰਡ ਦੇ ਆਪਣੇ ਹੀ ਪਿੰਡ ਵਿੱਚ ਕਈ ਸਾਲਾਂ ਤੱਕ ਅਸ਼ੁੱਭ ਮੰਨਿਆ ਜਾਂਦਾ ਸੀ। ਹਾਲਾਤ ਇੰਨੇ ਮਾੜੇ ਸਨ ਕਿ ਜੇਕਰ ਪਿੰਡ ਦੇ ਲੋਕ ਸਵੇਰੇ-ਸਵੇਰੇ ਉਸ ਨੂੰ ਦੇਖ ਲੈਂਦੇ ਸਨ ਤਾਂ ਆਪਣਾ ਰਸਤਾ ਬਦਲ ਲੈਂਦੇ ਸਨ। 25 ਸਾਲਾ ਸੁਨੀਲ ਦਾ ਕਹਿਣਾ ਹੈ ਕਿ ਨੇਤਰਹੀਣ ਹੋਣਾ ਕੋਈ ਅਪਰਾਧ ਨਹੀਂ ਹੈ, ਪਰ ਲੋਕ ਉਸ ਨੂੰ ਅਜਿਹੀ ਨਜ਼ਰ ਨਾਲ ਦੇਖਦੇ ਸਨ ਜਿਵੇਂ ਉਹ ਕੋਈ ਕਾਲਾ ਜਾਦੂ ਕਰਦਾ ਹੋਵੇ। ਲੋਕ ਅਕਸਰ ਉਸ ਨੂੰ ਦੇਖ ਕੇ ਕਹਿੰਦੇ ਸਨ ਕਿ ਸਵੇਰੇ-ਸਵੇਰੇ ਪਤਾ ਨਹੀਂ ਕਿਸ ਦਾ ਚਿਹਰਾ ਦੇਖ ਲਿਆ ਹੈ।
ਸਾਲ 2019 ਵਿੱਚ ਸੁਨੀਲ ਦੇ ਚਾਚਾ ਰੋਹਿਤ ਸਾਹੂ ਦੁਆਰਾ ਸ਼ੁਰੂ ਕੀਤੇ ਗਏ ਇੱਕ ਇੰਸਟਾਗ੍ਰਾਮ ਪੇਜ ‘ਬੁੰਦੇਲੀ ਦੁਨੀਆ’ ਨੇ ਉਸ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੱਤੀ। ਬੁੰਦੇਲਖੰਡ ਖੇਤਰ ਦੀ ਲੋਕ ਕਲਾ ਨੂੰ ਸਾਹਮਣੇ ਲਿਆਉਣ ਲਈ ਬਣਾਏ ਗਏ ਇਸ ਪੇਜ ‘ਤੇ ਰੋਹਿਤ ਨੇ ਆਪਣੀ ਭੈਣ ਦੇ ਕਹਿਣ ‘ਤੇ ਸੁਨੀਲ ਦੀ ਗਾਇਕੀ ਦਾ ਪਹਿਲਾ ਵੀਡੀਓ ਛੱਤ ‘ਤੇ ਰਿਕਾਰਡ ਕਰਕੇ ਪਾਇਆ। ਸ਼ੁਰੂਆਤ ਵਿੱਚ ਕਈ ਮਹੀਨਿਆਂ ਤੱਕ ਵੀਡੀਓਜ਼ ‘ਤੇ ਬਹੁਤ ਘੱਟ ਵਿਊਜ਼ ਆਉਂਦੇ ਸਨ ਅਤੇ ਪੂਰਾ ਪਿੰਡ ਰੋਹਿਤ ਦਾ ਮਜ਼ਾਕ ਉਡਾਉਂਦਾ ਸੀ ਕਿ ਉਹ ਇੱਕ ਬੇਰੋਜ਼ਗਾਰ ਨੇਤਰਹੀਣ ਮੁੰਡੇ ਪਿੱਛੇ ਆਪਣਾ ਸਮਾਂ ਅਤੇ ਪੈਸਾ ਬਰਬਾਦ ਕਰ ਰਿਹਾ ਹੈ।
ਹੌਲੀ-ਹੌਲੀ ਸੁਨੀਲ ਨੂੰ ਆਲੇ-ਦੁਆਲੇ ਦੇ ਪਿੰਡਾਂ ਵਿੱਚ ਤਿਉਹਾਰਾਂ ਦੌਰਾਨ ਗਾਉਣ ਲਈ ਬੁਲਾਵਾ ਆਉਣ ਲੱਗਾ। ਸਾਲ 2023 ਵਿੱਚ ਉਸ ਦੇ ਗਾਣੇ “ਦੂਲ੍ਹਾ ਬਨਕਰ ਆ ਗਵਾ ਠੇਲਾ” ਨੂੰ ਲਗਭਗ 9 ਲੱਖ ਵਿਊਜ਼ ਮਿਲੇ, ਜਿਸ ਤੋਂ ਬਾਅਦ ਉਸ ਦੀ ਲੋਕਪ੍ਰਿਅਤਾ ਵਧਣ ਲੱਗੀ। ਲਗਭਗ ਨੌਂ ਮਹੀਨੇ ਪਹਿਲਾਂ ਉਸ ਦੇ ਭਜਨ “ਓ ਮੇਰੇ ਸੰਕਟ ਕੇ ਕਟੱਈਆ ਹਨੂਮਾਨ” ਨੂੰ 3.3 ਕਰੋੜ ਤੋਂ ਵੱਧ ਵਿਊਜ਼ ਮਿਲੇ। ਇਸ ਸਾਲ ਫਰਵਰੀ ਵਿੱਚ ਮੁੰਬਈ ਦੌਰੇ ਦੌਰਾਨ ਰੋਹਿਤ ਨੇ ਵਰਸੋਵਾ ਬੀਚ ‘ਤੇ ਸੁਨੀਲ ਦੀ ਇੱਕ ਵੀਡੀਓ ਰੀਲ ਇੰਸਟਾਗ੍ਰਾਮ ‘ਤੇ ਪਾਈ, ਜਿਸ ਨੂੰ ‘ਹਨੂਮਾਨ ਅੰਸ਼’ ਦੇ ਡਾਇਰੈਕਟਰ ਵਿਸ਼ਾਲ ਚਤੁਰਵੇਦੀ ਨੇ ਦੇਖਿਆ ਅਤੇ ਸੁਨੀਲ ਨੂੰ ਫ਼ਿਲਮ ਵਿੱਚ ਗਾਉਣ ਦਾ ਵੱਡਾ ਮੌਕਾ ਮਿਲਿਆ।
ਜਨਮ ਤੋਂ ਨੇਤਰਹੀਣ ਸੁਨੀਲ ਕੋਲ ਰਸਮੀ ਪੜ੍ਹਾਈ ਪੂਰੀ ਕਰਨ ਦੇ ਸਾਧਨ ਨਹੀਂ ਸਨ। ਉਸ ਦਾ ਪਰਿਵਾਰ ਅੱਜ ਵੀ ਪਸ਼ੂ ਪਾਲਣ ਅਤੇ ਬੁੰਦੇਲਖੰਡ ਦੇ ਆਗਰਾ ਪਿੰਡ ਵਿੱਚ ਜ਼ਮੀਨ ਦੇ ਇੱਕ ਛੋਟੇ ਟੁਕੜੇ ‘ਤੇ ਗੁਜ਼ਾਰਾ ਕਰਦਾ ਹੈ। ਬਚਪਨ ਵਿੱਚ ਪਿੰਡ ਆਉਣ ਵਾਲੀ ਇੱਕ ਭਜਨ ਮੰਡਲੀ ਦੇ ਬਜ਼ੁਰਗ ਗਾਇਕ ਨੇ ਸੁਨੀਲ ਦੀ ਲੈਅ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਇੱਕ ਤੰਬੂਰਾ ਤੋਹਫ਼ੇ ਵਜੋਂ ਦਿੱਤਾ ਸੀ। ਉਦੋਂ ਤੋਂ ਹੀ ਸੁਨੀਲ ਤੰਬੂਰਾ ਵਜਾ ਕੇ ਭਜਨ ਗਾਉਂਦਾ ਹੈ। ਨਵੇਂ ਗਾਣਿਆਂ ਦੇ ਬੋਲ ਯਾਦ ਕਰਨ ਲਈ ਉਸ ਦੇ ਚਾਚਾ ਉਸ ਨੂੰ ਹਰ ਇੱਕ ਲਾਈਨ ਅੱਖਰ-ਅੱਖਰ ਕਰਕੇ 20-20 ਵਾਰ ਦੁਹਰਾ ਕੇ ਸਿਖਾਉਂਦੇ ਹਨ।
ਹਾਲ ਹੀ ਵਿੱਚ ਰੇਲਗੱਡੀ ਵਿੱਚ ਸੁਨੀਲ ਦੇ ਰਿਆਜ਼ ਕਰਨ ਦੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਮੰਗਣ ਵਾਲੀ ਵੀਡੀਓ ਦੱਸ ਕੇ ਵਾਇਰਲ ਕੀਤਾ ਗਿਆ ਸੀ, ਜਿਸ ‘ਤੇ ਸੁਨੀਲ ਨੇ ਸਪੱਸ਼ਟ ਕੀਤਾ ਕਿ ਉਹ ਭੀਖ ਨਹੀਂ ਮੰਗ ਰਿਹਾ ਸੀ ਬਲਕਿ ਆਪਣਾ ਰਿਆਜ਼ ਕਰ ਰਿਹਾ ਸੀ। ਉਸ ਦਾ ਮੰਨਣਾ ਹੈ ਕਿ ਨੇਤਰਹੀਣ ਹੋਣ ਦਾ ਮਤਲਬ ਭਿਖਾਰੀ ਹੋਣਾ ਨਹੀਂ ਹੈ ਅਤੇ ਆਪਣੇ ਭਗਵਾਨ ਲਈ ਗਾਉਣਾ ਹੀ ਉਸ ਦੀ ਪੂਜਾ ਅਤੇ ਆਤਮ-ਸੰਮਾਨ ਹੈ। ਜ਼ਿਕਰਯੋਗ ਹੈ ਕਿ ਫ਼ਿਲਮ ‘ਹਨੂਮਾਨ ਅੰਸ਼’ ਨੀਮ ਕਰੌਲੀ ਬਾਬਾ (ਲਕਸ਼ਮਣ ਦਾਸ) ਦੇ ਸ਼ੁਰੂਆਤੀ ਜੀਵਨ ਅਤੇ ਉਨ੍ਹਾਂ ਦੇ ਚਮਤਕਾਰਾਂ ‘ਤੇ ਅਧਾਰਿਤ ਹੈ।





