ਛੇ ਪੀੜ੍ਹੀਆਂ ਅਤੇ 83 ਜੀਅ: ਆਂਧਰਾ ਪ੍ਰਦੇਸ਼ ਦਾ ਇਹ ਵਿਲੱਖਣ ਸਾਂਝਾ ਪਰਿਵਾਰ ਪੇਸ਼ ਕਰ ਰਿਹਾ ਹੈ ਏਕਤਾ ਦੀ ਅਨੋਖੀ ਮਿਸਾਲ

ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਕੁਰਲਾਪੱਲੀ ਪਿੰਡ ਵਿੱਚ ਇੱਕ ਅਜਿਹਾਂ ਵਿਸ਼ਾਲ ਸਾਂਝਾ ਪਰਿਵਾਰ ਵੱਸਦਾ ਹੈ ਜਿਸ ਵਿੱਚ ਛੇ ਪੀੜ੍ਹੀਆਂ ਦੇ ਕੁੱਲ 83 ਮੈਂਬਰ ਇੱਕੋ ਛੱਤ ਹੇਠ ਇਕੱਠੇ ਰਹਿ ਰਹੇ ਹਨ। ਇਸ ਵਿਲੱਖਣ ਪਰਿਵਾਰ ਵਿੱਚ ਰੋਜ਼ਾਨਾ ਦੇ ਖਾਣੇ ਲਈ 50 ਕਿੱਲੋ ਚਾਵਲ ਦੀ ਬੋਰੀ ਦੀ ਲੋੜ ਪੈਂਦੀ ਹੈ ਅਤੇ ਐਤਵਾਰ ਨੂੰ ਮਾਸਾਹਾਰੀ ਖ਼ੁਰਾਕ ਵਜੋਂ ਇੱਕ ਮੇਮਣਾ ਤੇ 10 ਕਿੱਲੋ ਚਿਕਨ ਤਿਆਰ ਕੀਤਾ ਜਾਂਦਾ ਹੈ। ਜੇਕਰ ਸ਼ਾਮ ਵੇਲੇ ਪਕੌੜੇ ਬਣਾਉਣੇ ਹੋਣ ਤਾਂ 15 ਕਿੱਲੋ ਬੇਸਨ ਵਰਤਿਆ ਜਾਂਦਾ ਹੈ।

ਇਸ ਪਰਿਵਾਰ ਦੀ ਮੁੱਖ ਰੋਜ਼ੀ-ਰੋਟੀ ਖੇਤੀਬਾੜੀ ‘ਤੇ ਨਿਰਭਰ ਹੈ ਅਤੇ ਸਾਰੇ ਮੈਂਬਰ ਮਿਲ ਕੇ ਫ਼ਸਲਾਂ ਉਗਾਉਣ ਦੇ ਨਾਲ-ਨਾਲ ਦੁਧਾਰੂ ਪਸ਼ੂ ਵੀ ਪਾਲਦੇ ਹਨ। ਪਰਿਵਾਰ ਦੀ ਅਗਵਾਈ ਬਜ਼ੁਰਗ ਹਨੂਮੰਥਾ ਰਾਇਡੂ ਅਤੇ ਮੁਤਿਆਲੱਪਾ ਕਰਦੇ ਹਨ, ਜੋ ਸਵੇਰੇ ਚਾਹ ਪੀਂਦਿਆਂ ਹੀ ਪਰਿਵਾਰ ਦੇ ਸਾਰੇ ਜੀਆਂ ਨੂੰ ਉਨ੍ਹਾਂ ਦੇ ਰੋਜ਼ਾਨਾ ਦੇ ਕੰਮ ਵੰਡ ਦਿੰਦੇ ਹਨ। ਸਮੇਂ ਦੇ ਨਾਲ ਘਰ ਦਾ ਘੇਰਾ ਵੱਡਾ ਹੋਣ ਕਾਰਨ ਹੁਣ ਕਈ ਮਕਾਨ ਬਣਾਏ ਜਾ ਚੁੱਕੇ ਹਨ ਅਤੇ ਲੋੜ ਪੈਣ ‘ਤੇ ਹੋਰ ਉਸਾਰੀ ਵੀ ਕੀਤੀ ਜਾ ਰਹੀ ਹੈ।

ਇਸ ਪਰਿਵਾਰ ਦੀ ਸਭ ਤੋਂ ਵੱਡੀ ਖ਼ਾਸਿਅਤ ਇਹ ਹੈ ਕਿ ਇੱਥੇ ਅੱਜ ਵੀ ਖਾਣਾ ਪਕਾਉਣ ਲਈ ਪੁਰਾਣੇ ਅਤੇ ਰਵਾਇਤੀ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਅੱਸੀ ਤੋਂ ਵੱਧ ਲੋਕਾਂ ਦਾ ਖਾਣਾ ਲੱਕੜੀ ਦੇ ਚੁੱਲ੍ਹੇ ‘ਤੇ ਅਤੇ ਇੱਕੋ ਵੱਡੇ ਬਰਤਨ ਵਿੱਚ ਬਣਾਇਆ ਜਾਂਦਾ ਹੈ ਜਿਸ ਵਿੱਚ ਗੈਸ ਜਾਂ ਮਸ਼ੀਨਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਪਰਿਵਾਰ ਦੀਆਂ ਮਹਿਲਾਵਾਂ ਆਪਸ ਵਿੱਚ ਮਿਲ-ਜੁਲ ਕੇ ਰਹਿੰਦੀਆਂ ਹਨ ਅਤੇ ਘਰ ਦੀ ਰਸੋਈ ਤੋਂ ਲੈ ਕੇ ਖੇਤਾਂ ਦੇ ਕੰਮਾਂ ਤੱਕ ਦੀ ਸਾਰੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਂਦੀਆਂ ਹਨ।

ਆਪਸੀ ਵਿਵਾਦਾਂ ਅਤੇ ਜਾਇਦਾਦ ਦੀ ਵੰਡ ਤੋਂ ਬਚਣ ਲਈ ਪਰਿਵਾਰ ਨੇ ਇੱਕ ਵਿਲੱਖਣ ਰਵਾਇਤ ਅਪਣਾਈ ਹੋਈ ਹੈ ਜਿਸ ਤਹਿਤ ਘਰ ਦੇ ਸਾਰੇ ਮੁੰਡਿਆਂ ਦਾ ਵਿਆਹ ਇੱਕੋ ਦਿਨ ਇਕੱਠੇ ਹੀ ਧਾਰਮਿਕ ਅਸਥਾਨਾਂ ‘ਤੇ ਕਰਵਾਇਆ ਜਾਂਦਾ ਹੈ। ਇਸ ਵੱਡੇ ਪਰਿਵਾਰ ਵਿੱਚ ਕੁੱਲ 32 ਬੱਚੇ ਪੜ੍ਹਾਈ ਕਰ ਰਹੇ ਹਨ ਜਿਨ੍ਹਾਂ ਨੂੰ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਾਇਆ ਜਾ ਰਿਹਾ ਹੈ। ਕਈ ਪੀੜ੍ਹੀਆਂ ਤੋਂ ਚੱਲ ਰਿਹਾ ਇਹ ਵਿਸ਼ਾਲ ਸਾਂਝਾ ਪਰਿਵਾਰ ਅੱਜ ਦੇ ਦੌਰ ਵਿੱਚ ਆਪਸੀ ਪ੍ਰੇਮ, ਭਾਈਚਾਰੇ ਅਤੇ ਏਕਤਾ ਦੀ ਇੱਕ ਬੇਮਿਸਾਲ ਮਿਸਾਲ ਪੇਸ਼ ਕਰ ਰਿਹਾ ਹੈ।

Leave a Comment

Your email address will not be published. Required fields are marked *