16 ਸਾਲਾਂ ਤੋਂ ਵ੍ਹੀਲਚੇਅਰ ‘ਤੇ ਬੈਠ, ਵਿਦਿਆਰਥੀਆਂ ਦਾ ਭਵਿੱਖ ਰੌਸ਼ਨ ਕਰ ਰਹੇ ਅਧਿਆਪਕ ਵਿਕਾਸ ਕੁਮਾਰ

ਲੁਧਿਆਣਾ, 5 ਸਤੰਬਰ: ਲੁਧਿਆਣਾ ਜ਼ਿਲ੍ਹੇ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸਰਾਭਾ ਵਿਖੇ ਤਾਇਨਾਤ ਅਧਿਆਪਕ ਵਿਕਾਸ ਕੁਮਾਰ ਸਮਾਜ ਲਈ ਪ੍ਰੇਰਨਾ ਦਾ ਵੱਡਾ ਸਰੋਤ ਬਣੇ ਹੋਏ ਹਨ। 75 ਫ਼ੀਸਦੀ ਅਪਾਹਜਤਾ ਦੇ ਬਾਵਜੂਦ ਉਹ ਸਾਲ 2011 ਤੋਂ ਵ੍ਹੀਲਚੇਅਰ ‘ਤੇ ਬੈਠ ਕੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਰਾਮਦ-ਦਰਾਮਦ ਅਤੇ ਪ੍ਰਬੰਧਨ (ਐਕਸਪੋਰਟ ਇੰਪੋਰਟ ਐਂਡ ਮੈਨੇਜਮੈਂਟ) ਵਰਗੇ ਵੋਕੇਸ਼ਨਲ ਵਿਸ਼ੇ ਪੜ੍ਹਾ ਰਹੇ ਹਨ। ਉਨ੍ਹਾਂ ਦੀ ਸ਼ਾਨਦਾਰ ਅਗਵਾਈ ਸਦਕਾ ਉਨ੍ਹਾਂ ਦੇ ਵਿਦਿਆਰਥੀਆਂ ਦਾ ਨਤੀਜਾ ਹਮੇਸ਼ਾ 100 ਫ਼ੀਸਦੀ ਰਿਹਾ ਹੈ।
ਵਿਕਾਸ ਦੇ ਪਿਤਾ ਅਨਿਲ ਕੁਮਾਰ ਸ਼੍ਰੀਵਾਸਤਵ ਅਨੁਸਾਰ ਉਨ੍ਹਾਂ ਦੇ ਪੁੱਤਰ ਨੇ ਕਦੇ ਵੀ ਆਪਣੀ ਸਰੀਰਕ ਅਸਮਰੱਥਾ ਨੂੰ ਆਪਣੇ ਕਿੱਤੇ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ ਅਤੇ ਉਹ ਪੂਰੇ ਸਮਰਪਣ ਨਾਲ ਸਕੂਲ ਵਿੱਚ ਸੇਵਾ ਨਿਭਾ ਰਿਹਾ ਹੈ। ਹਾਲਾਂਕਿ, ਉਨ੍ਹਾਂ ਦੁੱਖ ਪ੍ਰਗਟਾਇਆ ਕਿ ਸਰਕਾਰ ਵੱਲੋਂ ਅਜਿਹੇ ਮਿਹਨਤੀ ਯਤਨਾਂ ਦੀ ਕਦੇ ਯੋਗ ਸ਼ਲਾਘਾ ਨਹੀਂ ਕੀਤੀ ਗਈ। ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰੀ ਹੱਲਾਸ਼ੇਰੀ ਨਾਲ ਅਜਿਹੇ ਵਿਅਕਤੀਆਂ ਨੂੰ ਹੱਸਦਿਆਂ ਹੋਇਆਂ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਲੜਨ ਦੀ ਹੋਰ ਤਾਕਤ ਮਿਲਦੀ ਹੈ।
ਕਈ ਵਾਰ ਲੋਕਾਂ ਦੀਆਂ ਅਜੀਬ ਟਿੱਪਣੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਵਿਕਾਸ ਕੁਮਾਰ ਨੇ ਕਦੇ ਹੌਸਲਾ ਨਹੀਂ ਹਾਰਿਆ। ਆਪਣੀ ਸਕਾਰਾਤਮਕ ਸੋਚ ਦਾ ਪ੍ਰਗਟਾਵਾ ਕਰਦਿਆਂ ਵਿਕਾਸ ਦਾ ਕਹਿਣਾ ਹੈ ਕਿ ਅਪਾਹਜ ਹੋਣਾ ਉਨ੍ਹਾਂ ਦੇ ਹੱਥ ਵਿੱਚ ਨਹੀਂ ਸੀ, ਪਰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਸਕਾਰਾਤਮਕ ਨਜ਼ਰੀਆ ਰੱਖਣਾ ਬਹੁਤ ਜ਼ਰੂਰੀ ਹੈ। ਹੁਣ ਤੱਕ ਸੈਂਕੜੇ ਵਿਦਿਆਰਥੀਆਂ ਦੀ ਜ਼ਿੰਦਗੀ ਸੰਵਾਰ ਚੁੱਕੇ ਵਿਕਾਸ ਲਈ ਉਨ੍ਹਾਂ ਦੇ ਵਿਦਿਆਰਥੀਆਂ ਵੱਲੋਂ ਮਿਲਦਾ ਬੇਅੰਤ ਸਤਿਕਾਰ ਹੀ ਸਭ ਤੋਂ ਵੱਡਾ ਇਨਾਮ ਹੈ।

Leave a Comment

Your email address will not be published. Required fields are marked *